ਨਸ਼ੇ 'ਚ ਧੁੱਤ ਰੋਡਵੇਜ਼ ਦਾ ਬੱਸ ਚਾਲਕ (ETV BHARAT) ਅੰਮ੍ਰਿਤਸਰ: ਸੋਸ਼ਲ ਮੀਡੀਆ 'ਤੇ ਕੁਝ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਦੇ ਵਿੱਚ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੀ ਬੱਸ ਦਾ ਡਰਾਈਵਰ ਜੋ ਕਿ ਸ਼ਰਾਬੀ ਹਾਲਤ ਵਿੱਚ ਬੱਸ ਦੇ ਅੰਦਰ ਹੀ ਸੁੱਤਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਇੱਕ ਸਵਾਰੀ ਵੱਲੋਂ ਹੀ ਬੱਸ ਨੂੰ ਚਲਾਇਆ ਜਾ ਰਿਹਾ ਹੈ।
ਬੱਸ 'ਚ ਸਵਾਰ ਸੀ ਪੰਜਾਹ ਸਵਾਰੀਆਂ: ਦੱਸਿਆ ਜਾ ਰਿਹਾ ਹੈ ਕਿ ਪੰਜਾਹ ਦੇ ਕਰੀਬ ਸਵਾਰੀਆਂ ਲੈ ਕੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਨੂੰ ਪੰਜਾਬ ਰੋਡਵੇਜ਼ ਦੀ ਬੱਸ ਰਵਾਨਾ ਹੋਈ, ਲੇਕਿਨ ਡਰਾਈਵਰ ਸ਼ਰਾਬੀ ਹਾਲਤ 'ਚ ਸੀ ਅਤੇ ਉਸ ਨੂੰ ਜਦੋਂ ਨਸ਼ਾ ਜਿਆਦਾ ਹੋ ਗਿਆ ਤੇ ਉਹ ਬੱਸ ਚਲਾਉਣ ਵਿੱਚ ਅਸਮਰਥ ਸੀ। ਜਿਸ ਤੋਂ ਬਾਅਦ ਬੱਸ ਡਰਾਈਵਰ ਬੱਸ ਵਿੱਚ ਹੀ ਸੋ ਗਿਆ।
ਸਵਾਰੀ ਨੇ ਚਲਾਈ ਚੰਡੀਗੜ੍ਹ ਤੱਕ ਬੱਸ: ਇਸ ਸਬੰਧੀ ਜਾਣਕਾਰੀ ਅਨੁਸਾਰ ਬੱਸ ਦੇ ਵਿੱਚੋਂ ਹੀ ਇੱਕ ਸਵਾਰੀ ਵੱਲੋਂ ਬੱਸ ਨੂੰ ਚਲਾ ਕੇ ਚੰਡੀਗੜ੍ਹ ਤੱਕ ਲਿਜਾਇਆ ਗਿਆ ਅਤੇ ਡਰਾਈਵਰ ਬੇਸੁੱਧ ਬੱਸ ਦੇ ਅੰਦਰ ਇੰਜਨ ਦੇ ਉੱਪਰ ਹੀ ਸੁੱਤਾ ਰਿਹਾ। ਜਿਸ ਤੋਂ ਬਾਅਦ ਸਵਾਰੀਆਂ ਵੱਲੋਂ ਹੀ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤੀ ਗਈ। ਫਿਲਹਾਲ ਇਸ ਮਾਮਲੇ 'ਤੇ ਕਿਸੇ ਵੀ ਅਧਿਕਾਰੀ ਦੀ ਕੋਈ ਪੁਸ਼ਟੀ ਨਹੀਂ ਆਈ ਲੇਕਿਨ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪ੍ਰਸ਼ਾਸਨ ਦਾ ਨਹੀਂ ਆਇਆ ਕੋਈ ਜਵਾਬ: ਹਾਲਾਂਕਿ ਇਹ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਸਰਕਾਰੀ ਬੱਸ ਡਰਾਈਵਰ ਦੀ ਵੀਡੀਓ ਸਾਹਮਣੇ ਆਈ ਹੋਵੇ। ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਂਦੀਆਂ ਰਹੀਆਂ ਹਨ। ਜਿਸ ਵਿੱਚ ਸਰਕਾਰੀ ਬੱਸ ਡਰਾਈਵਰਾਂ ਵੱਲੋਂ ਕਈ ਤਰ੍ਹਾਂ ਦੀਆਂ ਅਣਗਹਿਲੀਆਂ ਕਰਕੇ ਸਵਾਰੀਆਂ ਦੀ ਜਾਨ ਨੂੰ ਖ਼ਤਰੇ 'ਚ ਪਾਇਆ ਜਾਂਦਾ ਰਿਹਾ ਹੈ। ਕਾਬਿਲੇਗੌਰ ਹੈ ਕਿ ਇਸ ਸ਼ਰਾਬੀ ਡਰਾਈਵਰ ਵੱਲੋਂ ਜੇਕਰ ਬੱਸ ਚਲਾਈ ਜਾਂਦੀ ਤਾਂ ਸ਼ਾਇਦ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ ਕਿਉਂਕਿ 50 ਤੋਂ ਵੱਧ ਸਵਾਰੀਆਂ ਇਸ ਬੱਸ ਵਿੱਚ ਮੌਜੂਦ ਸਨ। ਉੱਥੇ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਇਸ ਖਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਮੁੜ ਤੋਂ ਬੱਸ ਦਾ ਸਟੇਅਰਿੰਗ ਫੜਾ ਦਿੱਤਾ ਜਾਂਦਾ ਹੈ।