ਬਰਨਾਲਾ:ਪੰਜਾਬ ਵਿੱਚ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਜਿੱਥੇ ਇੱਕ ਪਾਸੇ ਨਸ਼ੇ ਦੇ ਖ਼ਾਤਮੇ ਦਾ ਦਾਅਵਾ ਕਰ ਰਹੇ ਹਨ। ਉਥੇ ਬਰਨਾਲਾ ਵਿੱਚ ਸਭ ਕੁੱਝ ਇਸ ਦੇ ਉਲਟ ਚੱਲ ਰਿਹਾ ਹੈ। ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਗੇਟ ਉਪਰ ਨਸ਼ੇ ਦੀਆਂ ਗੋਲੀਆਂ ਦੀ ਤਸਕਰੀ ਦਾ ਕੰਮ ਸ਼ਰੇਆਮ ਚੱਲ ਰਿਹਾ ਹੈ। ਹਸਪਤਾਲ ਵਿਚਲੇ ਨਸ਼ਾ ਛੁਡਾਊ ਕੇਂਦਰ ਤੋਂ ਨਸ਼ਾ ਛੱਡਣ ਵਾਲੀਆਂ ਗੋਲੀਆਂ ਮੁਫ਼ਤ ਵਿੱਚ ਲੈ ਕੇ ਮਰੀਜ਼ਾਂ ਵਲੋਂ ਗੇਟ ਉਪਰ ਹੀ ਮਹਿੰਗੇ ਭਾਅ ਵੇਚੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਤਸਕਰਾਂ ਵਲੋਂ ਵੀ ਪਾਬੰਦੀਸ਼ੁਦਾ ਕੈਪਸੂਲ ਅਤੇ ਗੋਲੀਆਂ ਰਾਹਗੀਰਾਂ ਨੂੰ ਰੋਕ-ਰੋਕ ਕੇ ਵੇਚੀਆਂ ਜਾ ਰਹੀਆਂ ਹਨ। ਨਸ਼ੇੜੀਆਂ ਅਤੇ ਤਸਕਰਾਂ ਦੇ ਇਸ ਧੰਦੇ ਕਾਰਨ ਸਥਾਨਿਕ ਲੋਕ ਬਹੁਤ ਪ੍ਰੇਸ਼ਾਨ ਹਨ। ਜਿਹਨਾਂ ਵਲੋਂ ਇਸ ਵਿਰੁੱਧ ਆਵਾਜ਼ ਉਠਾਉਂਦਿਆਂ ਇਸ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਗਈ ਹੈ।
ਹਸਪਤਾਲ 'ਚ ਸ਼ਰੇਆਮ ਵਿਕ ਰਹੀਆਂ ਨਸ਼ੇ ਦੀਆਂ ਗੋਲੀਆਂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਨੇੜੇ ਟੈਕਸੀ ਸਟੈਂਡ ਦੇ ਡਰਾਇਵਰਾਂ ਨੇ ਦੱਸਿਆ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਨਸ਼ਾ ਖ਼ਤਮ ਕਰ ਦਿੱਤਾ ਹੈ, ਪਰ ਦੂਜੇ ਪਾਸੇ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਸ਼ਰੇਆਮ ਨਸ਼ੇ ਦੀਆਂ ਗੋਲੀਆਂ ਵਿਕ ਰਹੀਆਂ ਹਨ। ਉਹਨਾਂ ਕਿਹਾ ਕਿ ਹਸਪਤਾਲ ਅੰਦਰ ਨਸ਼ਾ ਦੇ ਮਰੀਜ਼ਾਂ ਨੂੰ ਸਰਕਾਰੀ ਦਵਾਈ ਦੇ ਤੌਰ ਤੇ ਗੋਲੀਆਂ ਦਿੱਤੀਆਂ ਜਾਂਦੀਆਂ ਹਨ। ਜਿਸ ਨੂੰ ਮਰੀਜ਼ ਹਸਪਤਾਲ ਦੇ ਅੰਦਰ ਹੀ ਮਹਿੰਗੇ ਭਾਅ ਅੱਗੇ ਹੋਰ ਨਸ਼ੇੜੀਆਂ ਨੂੰ ਵੇਚ ਦਿੰਦੇ ਹਨ। ਉਹਨਾਂ ਕਿਹਾ ਕਿ ਹਸਪਤਾਲ ਵਿੱਚ ਨਸ਼ਾ ਛੱਡਣ ਲਈ ਦਿੱਤੀ ਜਾ ਵਾਲੀ ਗੋਲੀ ਬਿਨ੍ਹਾ ਕਿਸੇ ਆਈਡੀ ਤੋਂ ਨਹੀਂ ਦਿੱਤੀ ਜਾਂਦੀ। ਪਰ ਇੱਥੇ ਸ਼ਰੇਆਮ ਗੋਲੀਆ ਦੇ ਪੱਤੇ ਵੇਚੇ ਜਾ ਰਹੇ ਹਨ।
ਅਜਿਹਾ ਕੰਮ ਪਿਛਲੇ ਬਹੁਤ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਇਸ ਜਗ੍ਹਾ ਅਕਸਰ ਨਸ਼ੇ ਦੀਆਂ ਗੋਲੀਆਂ ਵੇਚਣ ਅਤੇ ਖ਼ਰੀਦਣ ਵਾਲੇ ਆਪਸ ਵਿੱਚ ਗਾਲੀ-ਗਲੋਚ ਅਤੇ ਲੜਦੇ ਰਹਿੰਦੇ ਹਨ। ਇਸ ਜਗ੍ਹਾ ਤੋਂ ਚੋਰੀਆਂ ਵੀ ਅਕਸਰ ਆਮ ਹੀ ਹੋ ਰਹੀਆਂ ਹਨ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਕਈ ਵਾਰ ਲਿਖ ਕੇ ਦੇ ਚੁੱਕੇ ਹਾਂ, ਪਰ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਸਵੇਰੇ ਸੱਤ ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਇਹਨਾਂ ਲੋਕਾਂ ਦਾ ਇਹ ਗੈਰ ਕਾਨੂੰਨੀ ਕੰਮ ਸ਼ਰੇਆਮ ਚੱਲਦਾ ਰਹਿੰਦਾ ਹੈ। ਉਹਨਾਂ ਕਿਹਾ ਕਿ ਨਸ਼ੇ ਨੇ ਪੰਜਾਬ ਦੀ ਜਵਾਨੀ ਦਾ ਸੱਤਿਆਨਾਸ਼ ਮਾਰ ਦਿੱਤਾ ਹੈ। ਇਹਨਾਂ ਨਸ਼ੇੜੀਆਂ ਕਾਰਨ ਉਹਨਾਂ ਦੇ ਰਿਕਸ਼ਿਆਂ ਕੋਲ ਸਵਾਰ ਨਹੀਂ ਚੜ੍ਹਦੀ, ਜਿਸ ਕਾਰਨ ਉਹ ਇਸ ਸਮੱਸਿਆ ਤੋਂ ਬਹੁਤ ਪ੍ਰੇਸ਼ਾਨ ਹਨ। ਜਿਸ ਦਾ ਪੁਲਿਸ ਪ੍ਰਸ਼ਾਸ਼ਨ ਨੂੰ ਹੱਲ ਕਰਨਾ ਚਾਹੀਦਾ ਹੈ।