ਗੁਆਂਢੀ ਕਰ ਗਿਆ ਵੱਡਾ ਕਾਰਾ (ETV Bharat Amritsar) ਅੰਮ੍ਰਿਤਸਰ: ਅੰਮ੍ਰਿਤਸਰ 'ਚ ਵੇਰਕਾ ਦੇ ਇੰਦਰਾ ਕਲੋਨੀ ਦਾ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇੱਕ ਵਿਅਕਤੀ ਵੱਲੋਂ ਆਪਣੇ ਗੁਆਂਢ ਦੀਆਂ ਲੜਕੀਆਂ ਨੂੰ ਅਸ਼ਲੀਲ ਕਮੈਂਟ ਕੀਤੇ ਜਾਂਦੇ ਸਨ ਅਤੇ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਸੀ, ਜਿਸ ਦੇ ਚਲਦਿਆਂ ਪਰਿਵਾਰ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਲਟਾ ਗੁਆਂਢੀ ਨੇ ਹੀ ਉਸ ਪਰਿਵਾਰ ਦੇ ਉੱਤੇ ਗੱਡੀ ਚੜਾ ਕੇ ਪਰਿਵਾਰ ਦੇ ਮੁਖੀ ਦੀਆਂ ਲੱਤਾਂ ਤੋੜ ਦਿੱਤੀਆਂ। ਜਾਣਕਾਰੀ ਅਨੁਸਾਰ ਪੀੜਿਤ ਪਰਿਵਾਰ ਦੇ ਰੁਪਿੰਦਰ ਕੁਮਾਰ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਹਨ। ਜਿੱਥੇ ਪਰਿਵਾਰ ਦਾ ਮੁਖੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਗੁਆਂਢੀ ਕੁੜੀਆਂ ਨੂੰ ਅਸ਼ਲੀਲ ਕੁਮੈਂਟ ਅਤੇ ਭੱਦੀ ਸ਼ਬਦਾਵਲੀ ਵਰਤਦਾ ਹੈ:ਇਸ ਮੌਕੇ ਮੁਹੱਲਾ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਵੇਰਕਾ ਦੇ ਇੰਦਰਾ ਕਲੋਨੀ ਦੇ ਰਹਿਣ ਵਾਲੇ ਹਾਂ। ਉਹਨਾਂ ਦੱਸਿਆ ਕਿ ਰਾਜੇਸ਼ ਕੁਮਾਰ ਨਾਂ ਦਾ ਵਿਅਕਤੀ ਸਾਡੇ ਗੁਆਂਢ ਵਿੱਚ ਰਹਿੰਦਾ ਹੈ ਅਤੇ ਸਾਡੀਆਂ ਕੁੜੀਆਂ ਨੂੰ ਅਸ਼ਲੀਲ ਕੁਮੈਂਟ ਅਤੇ ਭੱਦੀ ਸ਼ਬਦਾਵਲੀ ਵਰਤਦਾ ਹੈ। ਅਸੀਂ ਕਈ ਵਾਰ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਬਾਜ਼ ਨਾ ਆਇਆ। ਕੱਲ ਵੀ ਉਸ ਨੂੰ ਸਾਰੇ ਇਲਾਕੇ ਦੇ ਲੋਕ ਅਤੇ ਪੀੜਤ ਰੁਪਿੰਦਰ ਕੁਮਾਰ ਸਮਝਾਉਣ ਲਈ ਗਿਆ ਪਰ ਉਸਨੇ ਕਿਸੇ ਦੀ ਗੱਲ ਨਹੀਂ ਮੰਨੀ।
ਅੱਜ ਸਵੇਰੇ ਉਸਨੇ ਰੁਪਿੰਦਰ ਕੁਮਾਰ ਦੇ ਉੱਤੇ ਆਪਣੀ ਗੱਡੀ ਚੜ੍ਹਾਅ ਕੇ ਉਸ ਦੀਆਂ ਲੱਤਾਂ ਅਤੇ ਦੋਵੇਂ ਚੂਲੇ ਤੋੜ ਦਿੱਤੇ। ਜਾਣਕਾਰੀ ਅਨੁਸਾਰ ਰੁਪਿੰਦਰ ਸਿੰਘ ਦੇ ਸਿਰ ਦੇ ਵਿੱਚ ਵੀ ਕਾਫੀ ਸੱਟਾਂ ਲੱਗੀਆਂ ਹਨ, ਜਿਸਦੇ ਚਲਦਿਆਂ ਰੁਪਿੰਦਰ ਕੁਮਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਅਜਿਹੇ ਲੋਕਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਪੁਲਿਸ ਅਧਿਕਾਰੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ:ਪਰਿਵਾਰ ਨੇ ਦੱਸਿਆ ਕਿ ਅਸੀਂ ਇਸ ਦੀ ਸ਼ਿਕਾਇਤ ਥਾਣਾ ਵੇਰਕਾ ਦੇ ਪੁਲਿਸ ਅਧਿਕਾਰੀ ਨੂੰ ਕੀਤੀ ਪਰ ਪੁਲਿਸ ਅਧਿਕਾਰੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਅਸੀਂ ਅੱਜ ਥਾਣਾ ਵੇਰਕਾ ਵਿੱਚ ਇਕੱਠੇ ਹੋਏ ਹਾਂ ਅਤੇ ਜਿਸ ਤੋਂ ਬਾਅਦ ਪੁਲਿਸ ਨੇ ਸਾਨੂੰ ਬਣਦੀ ਕਾਰਵਾਈ ਕਰਨ ਦਾ ਵਿਸ਼ਵਾਸ਼ ਦਿੱਤਾ ਹੈ। ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਦਰਜ ਕੀਤਾ ਗਿਆ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਰੁਪਿੰਦਰ ਕੁਮਾਰ ਦੇ ਇਲਾਜ 'ਤੇ 10 ਲੱਖ ਤੋਂ ਵੱਧ ਦਾ ਖਰਚਾ ਹੋਣਾ ਹੈ, ਇਹ ਗਰੀਬ ਪਰਿਵਾਰ ਹੈ ਅਤੇ ਆਪਣੀ ਰੋਟੀ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦਾ ਸੀ।
ਇਲਾਕਾ ਨਿਵਾਸੀਆਂ ਵੱਲੋਂ ਕਾਰਵਾਈ ਦੀ ਮੰਗ:ਇਲਾਕੇ ਦੇ ਲੋਕਾਂ ਕਿਹਾ ਕਿ ਮੁਲਜ਼ਮ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਨਾਲ ਹੀ ਉਹਨਾਂ ਕੋਲੋਂ ਇਲਾਜ ਦਾ ਹਰਜਾਨਾ ਵੀ ਭਰਵਾਇਆ ਜਾਣਾ ਚਾਹੀਦਾ ਹੈ। ਫਿਲਹਾਲ ਪੁਲਿਸ ਅਧਿਕਾਰੀ ਇਸ ਮਾਮਲੇ ਸੰਬੰਧੀ ਬੋਲਣ ਲਈ ਤਿਆਰ ਨਹੀਂ ਹਨ।