ਪੰਜਾਬ

punjab

ETV Bharat / state

ਚੰਡੀਗੜ੍ਹ 'ਚ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ, ਕਿਹਾ- 'ਜੇ ਸਾਲਾ ਨਹੀਂ ਝੁਕੇਗਾ ਤਾਂ ਜੀਜਾ ਕਿਵੇਂ ਝੁਕ ਜਾਵੇਗਾ' - DILJIT DOSANJH CHANDIGARH CONCERT

ਦਿਲਜੀਤ ਦੋਸਾਂਝ ਨੇ ਚੰਡੀਗੜ੍ਹ 'ਚ ਲਾਈਵ ਕੰਸਰਟ ਕੀਤਾ। ਇਸ ਦੌਰਾਨ ਉਨ੍ਹਾਂ ਪੁਸ਼ਪਾ ਫਿਲਮ ਦਾ ਡਾਇਲਾਗ 'ਝੁਕੇਗਾ ਨਹੀਂ ਸਾਲਾ' ਬੋਲਿਆ ਅਤੇ ਡੀ ਗੁਕੇਸ਼ ਨੂੰ ਵਧਾਈ ਦਿੱਤੀ।

ਚੰਡੀਗੜ੍ਹ ਵਿੱਚ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ
ਚੰਡੀਗੜ੍ਹ ਵਿੱਚ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ (Etv Bharat)

By ETV Bharat Punjabi Team

Published : Dec 15, 2024, 6:53 AM IST

ਚੰਡੀਗੜ੍ਹ: ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਚੰਡੀਗੜ੍ਹ ਦੇ ਸੈਕਟਰ-34 'ਚ ਲਾਈਵ ਕੰਸਰਟ ਕੀਤਾ। ਇਸ ਦੌਰਾਨ ਉਨ੍ਹਾਂ ਸਟੇਜ ਤੋਂ ਪੁਸ਼ਪਾ ਫਿਲਮ ਦਾ ਡਾਇਲਾਗ 'ਝੁਕੇਗਾ ਨਹੀਂ ਸਾਲਾ' ਬੋਲਿਆ ਅਤੇ ਵਿਸ਼ਵ ਸ਼ਤਰੰਜ ਚੈਂਪੀਅਨ ਡੀ ਗੁਕੇਸ਼ ਨੂੰ ਵੀ ਵਧਾਈ ਦਿੱਤੀ।

ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ

ਗਾਇਕ ਦਿਲਜੀਤ ਦੋਸਾਂਝ ਚਿੱਟੇ ਰੰਗ ਦਾ ਕੁੜਤਾ-ਪਜਾਮਾ ਪਹਿਨ ਕੇ ਕੰਸਰਟ ਵਿੱਚ ਪਹੁੰਚੇ। ਉਨ੍ਹਾਂ ਨੇ ਪ੍ਰਸ਼ਾਸਨਿਕ ਹੁਕਮਾਂ ਅਨੁਸਾਰ ਰਾਤ 10 ਵਜੇ ਤੋਂ ਪਹਿਲਾਂ ਆਪਣਾ ਸੰਗੀਤ ਸਮਾਰੋਹ ਵੀ ਸਮਾਪਤ ਕਰ ਦਿੱਤਾ। ਇਸ ਤੋਂ ਪਹਿਲਾਂ ਜਿਵੇਂ ਹੀ ਦਿਲਜੀਤ ਦੋਸਾਂਝ ਸਟੇਜ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਉੱਥੇ ਮੌਜੂਦ ਆਪਣੇ ਪ੍ਰਸ਼ੰਸਕਾਂ ਦਾ ਸਵਾਗਤ ਕੀਤਾ ਅਤੇ ਫਿਰ ਪੰਜ ਤਾਰਾ ਗੀਤ ਨਾਲ ਆਪਣੇ ਜੋਸ਼ੀਲੇ ਸਮਾਗਮ ਦੀ ਸ਼ੁਰੂਆਤ ਕੀਤੀ। ਜਿਵੇਂ ਹੀ ਉਨ੍ਹਾਂ ਨੇ ਗੀਤ ਗਾਇਆ ਤਾਂ ਉੱਥੇ ਮੌਜੂਦ ਲੋਕ ਡਾਂਸ ਕਰਨ ਲੱਗੇ ਅਤੇ ਹੂਟਿੰਗ ਸ਼ੁਰੂ ਕਰ ਦਿੱਤੀ।

ਪੁਸ਼ਪਾ ਫਿਲਮ ਦਾ ਡਾਇਲਾਗ

ਇਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਵਿਸ਼ਵ ਸ਼ਤਰੰਜ ਚੈਂਪੀਅਨ ਬਣੇ ਡੀ ਗੁਕੇਸ਼ ਨੂੰ ਸਟੇਜ ਤੋਂ ਹੀ ਵਧਾਈ ਦਿੱਤੀ। ਉਨ੍ਹਾਂ ਨੇ ਆਪਣਾ ਸੰਗੀਤ ਸਮਾਰੋਹ ਡੀ ਗੁਕੇਸ਼ ਨੂੰ ਸਮਰਪਿਤ ਕੀਤਾ। ਦਿਲਜੀਤ ਦੋਸਾਂਝ ਨੇ ਕਿਹਾ ਕਿ ਡੀ ਗੁਕੇਸ਼ ਨੂੰ ਰਸਤੇ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਸ਼ਤਰੰਜ ਚੈਂਪੀਅਨ ਬਣ ਗਿਆ। ਦਿਲਜੀਤ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਕਈ ਮੁਸ਼ਕਿਲਾਂ ਆਉਂਦੀਆਂ ਰਹਿੰਦੀਆਂ ਹਨ ਪਰ ਉਨ੍ਹਾਂ ਨੂੰ ਪੁਸ਼ਪਾ ਫਿਲਮ ਦਾ ਡਾਇਲਾਗ ਯਾਦ ਆ ਰਿਹਾ ਹੈ ਕਿ 'ਝੁਕੇਗਾ ਨਹੀਂ ਸਾਲਾ'। ਜਦੋਂ ਸਾਲਾ ਨਹੀਂ ਝੁਕੇਗਾ ਤਾਂ ਜੀਜਾ ਕਿਵੇਂ ਝੁਕ ਜਾਵੇਗਾ।

ਕੰਸਰਟ ਨੂੰ ਲੈ ਕੇ ਹੋਇਆ ਸੀ ਵਿਵਾਦ

ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਦੇ ਕੰਸਰਟ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਕਈ ਨਾਗਰਿਕਾਂ ਨੇ ਉਨ੍ਹਾਂ ਦੇ ਸੰਗੀਤ ਸਮਾਰੋਹ ਦਾ ਸਥਾਨ ਬਦਲਣ ਦੀ ਬੇਨਤੀ ਕੀਤੀ ਸੀ। ਫਿਰ ਸੀਸੀਪੀਸੀਆਰ ਨੇ ਉਨ੍ਹਾਂ ਨੂੰ ਆਪਣੇ ਸ਼ੋਅ ਵਿੱਚ ਪਟਿਆਲਾ ਪੈੱਗ ਸਮੇਤ ਕਈ ਗੀਤ ਗਾਉਣ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਇਲਾਵਾ ਬੱਚਿਆਂ ਨੂੰ ਸਟੇਜ 'ਤੇ ਲਿਆਉਣ ਦੀ ਵੀ ਮਨਾਹੀ ਸੀ। ਉਨ੍ਹਾਂ ਨੂੰ ਰਾਤ 10 ਵਜੇ ਤੋਂ ਪਹਿਲਾਂ ਸ਼ੋਅ ਖਤਮ ਕਰਨ ਲਈ ਵੀ ਕਿਹਾ ਗਿਆ ਸੀ ਅਤੇ ਨੌਜਵਾਨਾਂ ਨੂੰ ਸ਼ਰਾਬ ਨਾ ਪਰੋਸਣ ਲਈ ਵੀ ਕਿਹਾ ਗਿਆ ਸੀ।

ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਸੀ ਮੁਲਾਕਾਤ

ਦਿਲਜੀਤ ਦੋਸਾਂਝ ਨੇ ਆਪਣੇ ਕੰਸਰਟ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਕੀਤੀ ਸੀ। ਮੁਲਾਕਾਤ ਤੋਂ ਬਾਅਦ ਭਗਵੰਤ ਮਾਨ ਨੇ ਲਿਖਿਆ ਸੀ ਕਿ ਮੈਂ ਆਪਣੇ ਛੋਟੇ ਭਰਾ ਦਿਲਜੀਤ ਦੁਸਾਂਝ ਨੂੰ ਮਿਲ ਕੇ ਬਹੁਤ ਖੁਸ਼ੀ ਅਤੇ ਸ਼ਾਂਤੀ ਮਹਿਸੂਸ ਕਰ ਰਿਹਾ ਹਾਂ, ਜਿਸ ਨੇ ਪੰਜਾਬੀ ਭਾਸ਼ਾ ਅਤੇ ਗਾਇਕੀ ਨੂੰ ਸਰਹੱਦਾਂ ਤੋਂ ਪਾਰ ਲਿਜਾਇਆ ਹੈ। ਇਸ ਦੇ ਨਾਲ ਹੀ ਦਿਲਜੀਤ ਦੁਸਾਂਝ ਨੇ ਵੀ ਉਨ੍ਹਾਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕੀਤਾ ਸੀ।

ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕ

ਦਿਲਜੀਤ ਦੁਸਾਂਝ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵੀ ਨਤਮਸਤਕ ਹੋਏ ਸਨ। ਇੱਥੇ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਸੋਸ਼ਲ ਮੀਡੀਆ ਪੋਸਟ ਤੇ ਇਕ ਵੀਡੀਓ ਪੋਸਟ ਕੀਤੀ, ਜਿਸ 'ਚ ਉਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ 'ਚ ਮੱਥਾ ਟੇਕਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਦਿਲਜੀਤ ਨੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਲਈ ਅਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਦੇ ਬਾਹਰ ਉਡੀਕ ਰਹੇ ਪ੍ਰਸ਼ੰਸਕਾਂ ਨੂੰ ਵੀ ਮਿਲੇ।

ABOUT THE AUTHOR

...view details