ਸੰਗਰੂਰ ਡੀਸੀ ਦਫਤਰ ਦੇ ਬਾਹਰ ਪੰਜ ਦਿਨਾਂ ਲਈ ਧਰਨਾ ਪ੍ਰਦਰਸ਼ਨ ਸੰਗਰੂਰ:ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਯੂਨੀਅਨ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤੇ ਜਾ ਰਹੇ ਹਨ। ਬੇਸ਼ੱਕ ਉਹ ਸੰਘਰਸ਼ ਕੇਂਦਰ ਸਰਕਾਰ ਜਾਂ ਫਿਰ ਪੰਜਾਬ ਸਰਕਾਰ ਖਿਲਾਫ ਹੋਵੇ ਕਿਸਾਨਾਂ ਵੱਲੋਂ ਡਟ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾਂਦਾ ਹੈ। ਬੀਤੇ ਸਮੇਂ ਵਿੱਚ ਦੇਖਣ ਵਿੱਚ ਆਇਆ ਸੀ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਲੀ ਵਿੱਚ ਇੱਕ ਸਾਲ ਤੋਂ ਵੱਧ ਸਮਾਂ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਕਿਸਾਨ ਕੇਂਦਰ ਸਰਕਾਰ ਵਲੋਂ ਬਣਾਏ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਪਰਤੇ ਸਨ। ਇਸ ਦੇ ਬਾਵਜਦ ਕਿਸਾਨਾਂ ਦੀਆਂ ਕੁਝਾਂ ਮੰਗਾਂ ਸੀ, ਜਿੰਨ੍ਹਾਂ ਨੂੰ ਕੇਂਦਰ ਵਲੋਂ ਪਹਿਲਾਂ ਮੰਨ ਲਿਆ ਗਿਆ ਪਰ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ, ਜਿਸ ਦੇ ਚੱਲਦੇ ਕਿਸਾਨਾਂ ਵਲੋਂ ਮੁੜ ਤੋਂ ਦਿੱਲੀ ਕੂਚ ਦੀ ਤਿਆਰੀ ਕਰ ਲਈ ਹੈ।
ਡੀਸੀ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ: ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਦਰਕਿਨਾਰ ਕਰਨ ਦੀ ਗੱਲ ਕਿਸਾਨਾਂ ਵਲੋਂ ਕਹੀ ਜਾ ਰਹੀ ਹੈ। ਜਿਸ ਦੇ ਚੱਲਦੇ ਕਿਸਾਨ ਜਥੇਬੰਦੀਆਂ ਵਲੋਂ ਸੂਬੇ ਭਰ 'ਚ ਡੀਸੀ ਦਫ਼ਤਰਾਂ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਇਸ ਦੇ ਚੱਲਦੇ ਸੰਗਰੂਰ 'ਚ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਇਹ ਪੰਜ ਰੋਜ਼ਾ ਧਰਨਾ ਪ੍ਰਦਰਸ਼ਨ ਡੀਸੀ ਦਫ਼ਤਰ ਦੇ ਬਾਹਰ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਕੋਲ ਕਿਸਾਨਾਂ ਦੀਆਂ ਮੰਗਾਂ ਪੈਂਡਿੰਗ: ਇਸ ਦੇ ਚੱਲਦੇ ਕਿਸਾਨ ਆਗੂਆਂ ਦਾ ਕਹਿਣਾ ਕਿ ਉਨ੍ਹਾਂ ਵਲੋਂ 20 ਜ਼ਿਲ੍ਹਿਆਂ 'ਚ ਡੀਸੀ ਦਫ਼ਤਰ ਦੇ ਬਾਹਰ ਇਹ ਧਰਨਾ ਦਿੱਤਾ ਜਾ ਰਿਹਾ ਹੈ। ਜਿਸ 'ਚ ਪੰਜਾਬ ਸਰਕਾਰ ਵਲੋਂ ਕੁਝ ਮੰਗਾਂ ਉਨ੍ਹਾਂ ਵਲੋਂ ਲਾਗੂ ਕਰਵਾਉਣੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਮੰਗਾਂ ਪੂਰੀਆਂ ਹੋਣਾਂ ਡੀਸੀ ਦੇ ਅਧਿਕਾਰ ਖੇਤਰ 'ਚ ਹੁੰਦੀਆਂ ਹਨ, ਜਿਸ ਦੇ ਚੱਲਦੇ ਉਨ੍ਹਾਂ ਵਲੋਂ ਇਹ ਪੰਜ ਰੋਜ਼ਾ ਧਰਨਾ ਡੀਸੀ ਦਫ਼ਤਰਾਂ ਦੇ ਅੱਗੇ ਲਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਪੰਜਾਬ ਸਰਕਾਰ ਖਿਲਾਫ਼ ਇਹ ਧਰਨਾ ਹੈ ਤਾਂ ਜੋ ਪੰਜਾਬ ਸਰਕਾਰ ਤੋਂ 2024 ਚੋਣਾਂ ਤੋਂ ਪਹਿਲਾਂ ਕਿਸਾਨੀ ਮੰਗਾਂ ਨੂੰ ਹੱਲ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਣੀ ਤਾਂ ਉਹ ਵੱਡਾ ਸੰਘਰਸ਼ ਉਲੀਕਣਗੇ।
ਕਿਸਾਨਾਂ ਦੀ ਦਿੱਲੀ ਕੂਚ ਦੀ ਤਿਆਰੀ: ਕਿਸਾਨ ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਅਧਿਕਾਰ 'ਚ ਕੁਝ ਮੰਗਾਂ ਹਨ, ਜਿਸ ਨੂੰ ਲੈਕੇ ਉਨ੍ਹਾਂ ਵਲੋਂ 13 ਫਰਵਰੀ ਤੋਂ ਮੁੜ ਦਿੱਲੀ ਕੂਚ ਕਰਨ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੌਰਾਨ ਲੱਗਿਆ ਧਰਨਾ ਕਿਸਾਨਾਂ ਨੇ ਖ਼ਤਮ ਨਾ ਕਰਕੇ ਮੁਲਤਵੀ ਕੀਤਾ ਸੀ, ਜਿਸ ਦੇ ਚੱਲਦੇ ਉਨ੍ਹਾਂ ਵਲੋਂ ਉਹ ਹੀ ਧਰਨਾ ਦੁਆਰਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਤੋਂ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਮਨਵਾ ਕੇ ਹੀ ਇਸ ਵਾਰ ਵਾਪਸ ਪਰਤਣਗੇ।