ਪਰਮਜੀਤ ਸਿੰਘ ਮੰਡ, ਕਾਰਜਕਾਰੀ ਪ੍ਰਧਾਨ, ਦਲ ਖਾਲਸਾ ਬਠਿੰਡਾ: ਦੇਸ਼-ਵਿਦੇਸ਼ ਵਿੱਚ ਜਿੱਥੇ ਖਾਲਸਾ ਸਥਾਪਨਾ ਦਿਹਾੜੇ ਮੌਕੇ ਵਿਸਾਖੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਇਸ ਪਾਵਨ ਪਵਿੱਤਰ ਦਿਨ ਮੌਕੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈ। ਇਸ ਮੌਕੇ ਦਲ ਖਾਲਸਾ ਵੱਲੋਂ ਇੱਕ ਵਿਸ਼ਾਲ ਖਾਲਸਾ ਮਾਰਚ ਦਾ ਆਯੋਜਨ ਕੀਤਾ ਗਿਆ ਸੀ।
ਸਖਤ ਸੁਰੱਖਿਆ ਪ੍ਰਬੰਧ: ਇਸ ਮਾਰਚ ਨੂੰ ਲੈ ਕੇ ਜਿੱਥੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਉੱਥੇ ਹੀ ਦਲ ਖਾਲਸਾ ਵੱਲੋਂ ਇਹ ਖਾਲਸਾ ਮਾਰਚ ਗੁਰਮਤ ਵਿਦਿਆਲਿਆ ਦਮਦਮੀ ਟਕਸਾਲ ਤੋਂ ਸ਼ੁਰੂ ਕੀਤਾ ਗਿਆ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਜਾ ਕੇ ਸਮਾਪਤੀ ਕੀਤੀ ਗਈ। ਇਸ ਦੌਰਾਨ ਖਾਲਸਾ ਮਾਰਚ ਵਿੱਚ ਪਹੁੰਚੇ ਨੌਜਵਾਨਾਂ ਵੱਲੋਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਵੱਖਰੇ ਦੇਸ਼ ਵੱਖਰੇ ਸੰਵਿਧਾਨ ਲਈ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ।
ਹਥਿਆਰਬੰਦ ਸੰਘਰਸ਼ ਜਾਰੀ: ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਖਾਲਸਾ ਮਾਰਚ ਅੰਮ੍ਰਿਤਸਰ ਵਿਖੇ 13 ਅਪ੍ਰੈਲ 1978 ਨੂੰ ਨਿਰੰਕਾਰੀਆਂ ਵੱਲੋਂ ਗੋਲੀ ਮਾਰ ਕੇ ਸ਼ਹੀਦ ਕੀਤੇ ਗਏ 13 ਸਿੱਖਾਂ ਦੀ ਯਾਦ ਵਿੱਚ ਕੱਢਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਖਾਲਸਾ ਰਾਜ ਦੀ ਪ੍ਰਾਪਤੀ ਲਈ ਉਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਉਹ ਵੱਖਰੇ ਦੇਸ਼ ਅਤੇ ਵੱਖਰੇ ਸੰਵਿਧਾਨ ਦੀ ਪ੍ਰਾਪਤੀ ਲਈ ਸ਼ਾਂਤੀ ਅਤੇ ਹਥਿਆਰਬੰਦ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ।
ਖਾਲਸਾ ਰਾਜ ਦੀ ਸਥਾਪਨਾ: ਉਹਨਾਂ ਕਿਹਾ ਕਿ ਸਿੱਖਾਂ ਨੂੰ ਇਸ ਦੇਸ਼ ਵਿੱਚ ਇਨਸਾਫ ਨਹੀਂ ਮਿਲਦਾ ਸਾਰੀ ਜ਼ਿੰਦਗੀ ਜੇਲ੍ਹਾਂ ਵਿੱਚ ਬਿਤਾਉਣ ਉਪਰੰਤ ਵੀ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ। ਵਾਰ-ਵਾਰ ਸੰਘਰਸ਼ ਦੇ ਰਾਹ ਪੈਣਾ ਪੈ ਰਿਹਾ ਹੈ ਪਰ ਸਿੱਖ ਯੋਧਿਆਂ ਅਤੇ ਸਿੱਖ ਕੌਮ ਨੂੰ ਇਸ ਦੇਸ਼ ਵਿੱਚ ਇਨਸਾਫ ਨਹੀਂ ਦਿੱਤਾ ਜਾਂਦਾ। ਜਿਸ ਕਾਰਨ ਉਨਾਂ ਵੱਲੋਂ ਵੱਖਰੇ ਦੇਸ਼ ਅਤੇ ਵੱਖਰੇ ਸੰਵਿਧਾਨ ਦੀ ਮੰਗ ਕੀਤੀ ਜਾਂਦੀ ਹੈ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਖਾਲਸਾ ਰਾਜ ਦੀ ਸਥਾਪਨਾ ਲਈ ਇੱਕਜੁੱਟ ਹੋ ਅਤੇ ਇੱਕ ਮੰਚ ਉੱਤੇ ਇਕੱਠੇ ਹੋ ਕੇ ਸੰਘਰਸ਼ ਨੂੰ ਨੇਪਰੇ ਚਾੜੋ।