ਚੰਡੀਗੜ੍ਹ:ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਨਵੇਂ ਮੇਅਰ ਦੀ ਚੋਣ ਬਹੁਤ ਚੁਣੌਤੀਪੂਰਨ ਰਹੀ। ਆਖਿਰ ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਇੰਡੀਆ ਗਠਜੋੜ ਦੀ ਚੰਡੀਗੜ੍ਹ 'ਚ ਜਿੱਤ ਹੋ ਗਈ। ਇਸ ਦੇ ਚੱਲਦਿਆਂ ਅੱਜ ਚੰਡੀਗੜ੍ਹ ਵਿੱਚ ਇੰਡੀਆ ਗਠਜੋੜ ਦੇ ਤਹਿਤ ਚੋਣ ਲੜਨ ਵਾਲੇ ਆਮ ਆਦਮੀ ਪਾਰਟੀ ਦੇ ਕੌਂਸਲਰ ਕੁਲਦੀਪ ਕੁਮਾਰ ਨੇ ਪਹਿਲਾਂ ਮੇਅਰ ਦਾ ਅਹੁਦਾ ਸੰਭਾਲਣਾ ਸੀ ਪਰ ਹੁਣ ਇਹ ਤਾਜਪੋਸ਼ੀ ਸਮਾਗਮ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਾਜਪੋਸ਼ੀ ਪ੍ਰੋਗਰਾਮ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਸੀ। ਇਸ ਸਬੰਧੀ ਆਮ ਆਦਮੀ ਪਾਰਟੀ ਨੇ ਪੂਰੀ ਤਿਆਰੀ ਵੀ ਕਰ ਲਈ ਸੀ ਤੇ ਉਨ੍ਹਾਂ ਆਪਣੇ ਵਰਕਰਾਂ ਨੂੰ ਹੋਟਲ ਸ਼ਿਵਾਲਿਕ ਵਿਊ ਦੇ ਬਾਹਰ ਇਕੱਠੇ ਹੋਣ ਦਾ ਸੁਨੇਹਾ ਵੀ ਦਿੱਤਾ ਸੀ। ਜਿਥੋਂ ਕੁਲਦੀਪ ਕੁਮਾਰ ਨੇ ਵਰਕਰਾਂ ਸਮੇਤ ਨਗਰ ਨਿਗਮ ਦਫ਼ਤਰ ਪਹੁੰਚਣਾ ਸੀ। ਇਸ ਵਿਚਾਲੇ ਉਨ੍ਹਾਂ ਪਰਿਵਾਰਕ ਕਾਰਨਾਂ ਦਾ ਹਵਾਲਾ ਦਿੰਦਿਆਂ ਇਹ ਤਾਜਪੋਸ਼ੀ ਸਮਾਗਮ ਮੁਲਤਵੀ ਕਰ ਦਿੱਤਾ ਹੈ।
30 ਜਨਵਰੀ ਨੂੰ ਪਈਆਂ ਸੀ ਵੋਟਾਂ: ਕਾਬਿਲੇਗੌਰ ਹੈ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ 30 ਜਨਵਰੀ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਹੋਈਆਂ ਸਨ। ਇਸ ਵਿੱਚ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੂੰ 16 ਵੋਟਾਂ ਮਿਲੀਆਂ ਸਨ। ਉਥੇ ਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਨੂੰ 12 ਵੋਟਾਂ ਮਿਲੀਆਂ ਸੀ ਜਦਕਿ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਵੱਲੋਂ ਕੁਲਦੀਪ ਕੁਮਾਰ ਦੇ ਹੱਕ 'ਚ ਭੁਗਤੀਆਂ 8 ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ ਸਨ।
ਸੁਪਰੀਮ ਕੋਰਟ ਨੇ ਦਿੱਤਾ ਸੀ ਫੈਸਲਾ: ਉਧਰ ਇਸ ਸਾਰੇ ਵਰਤਾਰੇ ਨੂੰ ਲੈਕੇ ਆਮ ਆਦਮੀ ਪਾਰਟੀ ਵਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਸੀ। ਜਿਸ 'ਚ ਉਨ੍ਹਾਂ ਵਲੋਂ ਰਿਟਰਨਿੰਗ ਅਫ਼ਸਰ ਦੀ ਵੀਡੀਓ ਸਬੂਤ ਵੀ ਪੇਸ਼ ਕੀਤੇ ਸਨ, ਜਿਸ 'ਚ ਉਹ ਵੋਟਾਂ 'ਤੇ ਮਾਰਕ ਲਗਾ ਰਹੇ ਸਨ। ਇਸ ਦੇ ਚੱਲਦਿਆਂ ਸੁਪਰੀਮ ਕੋਰਟ ਵਲੋਂ ਉਨ੍ਹਾਂ ਸਾਰੀਆਂ ਰੱਦ ਕੀਤੀਆਂ 8 ਵੋਟਾਂ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਜਾਇਜ਼ ਮੰਨਿਆ ਸੀ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਇੰਡੀਆ ਗਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਜੇਤੂ ਕਰਾਰ ਦਿੰਦਿਆਂ ਚੰਡੀਗੜ੍ਹ ਨਗਰ ਨਿਗਮ ਦਾ ਮੇਅਰ ਐਲਾਨ ਦਿੱਤਾ। ਹੁਣ ਆਮ ਆਦਮੀ ਪਾਰਟੀ ਇਸ ਮੌਕੇ ਨੂੰ ਲੋਕਾਂ ਵਿੱਚ ਵੱਡਾ ਮੁੱਦਾ ਬਣਾਉਣਾ ਚਾਹੁੰਦੀ ਹੈ।
ਇੰਡੀਆ ਗਠਜੋੜ 'ਚ ਕਾਂਗਰਸ ਕੋਲ ਲੋਕ ਸਭਾ ਸੀਟ: ਗੌਰਤਲਬ ਹੈ ਕਿ ਚੰਡੀਗੜ੍ਹ ਦੀ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਚੋਣ ਨਹੀਂ ਲੜੇਗੀ ਜਦਕਿ ਇਥੇ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਲੜੇਗੀ। ਇਸ ਦਾ ਐਲਾਨ ਦੋਵੇਂ ਧਿਰਾਂ ਪਹਿਲਾਂ ਹੀ ਕਰ ਚੁੱਕੀਆਂ ਹਨ। ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਕੇ ਕੁਲਦੀਪ ਕੁਮਾਰ ਨੂੰ ਮੇਅਰ ਬਣਾਇਆ ਸੀ। ਬਦਲੇ ਵਿੱਚ ਹੁਣ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਲੋਕ ਸਭਾ ਸੀਟ ਕਾਂਗਰਸ ਲਈ ਛੱਡ ਦਿੱਤੀ ਹੈ। ਹੁਣ ਇੱਥੇ ਕਾਂਗਰਸੀ ਉਮੀਦਵਾਰ ਚੋਣ ਲੜਨਗੇ।
ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ: ਭਲਕੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਹੋਣੀਆਂ ਹਨ। ਇਸ ਵੇਲੇ ਨਗਰ ਨਿਗਮ ਵਿੱਚ ਭਾਜਪਾ ਦਾ ਬਹੁਮਤ ਹੈ। ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰਾਂ ਦੀ ਐਂਟਰੀ ਤੋਂ ਬਾਅਦ ਭਾਜਪਾ ਕੋਲ 17 ਕੌਂਸਲਰ ਅਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਸਮੇਤ ਕੁੱਲ 18 ਵੋਟਾਂ ਹਨ। ਜਦੋਂ ਕਿ ਇੰਡੀਆ ਗਠਜੋੜ ਕੋਲ 10 ਆਮ ਆਦਮੀ ਪਾਰਟੀ ਅਤੇ 7 ਕਾਂਗਰਸੀ ਕੌਂਸਲਰਾਂ ਸਮੇਤ ਕੁੱਲ 17 ਵੋਟਾਂ ਹਨ। ਇਸ ਦੇ ਨਾਲ ਹੀ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਦੀ ਹੈ। ਜਿਨ੍ਹਾਂ ਨੇ ਪਿਛਲੀ ਵਾਰ ਭਾਜਪਾ ਦੇ ਸਮਰਥਨ ਵਿੱਚ ਵੋਟ ਪਾਈ ਸੀ। ਜੇਕਰ ਇਸ ਵਾਰ ਵੀ ਭਾਜਪਾ ਨੂੰ ਉਨ੍ਹਾਂ ਦੀ ਵੋਟ ਮਿਲ ਜਾਂਦੀ ਹੈ ਤਾਂ ਭਾਜਪਾ ਦੀਆਂ ਕੁੱਲ 19 ਵੋਟਾਂ ਹੋ ਜਾਣਗੀਆਂ।