ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਅਹੁਦੇ ਤੋਂ ਸੁਖਬੀਰ ਬਾਦਲ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਸਿਆਸੀ ਭੂਚਾਲ ਆ ਗਿਆ ਹੈ ਅਤੇ ਹੁਣ ਅੰਤਰਿਮ ਕਮੇਟੀ ਨੇ ਵੀ ਸੁਖਬੀਰ ਬਾਦਲ ਦਾ ਸਮਰਥਨ ਕਰਦੇ ਹੋਏ ਸਾਫ ਕਰ ਦਿੱਤਾ ਹੈ ਕਿ ਉਹ ਆਪਣਾ ਅਸਤੀਫਾ ਵਾਪਸ ਲੈਣ ਅਤੇ ਪ੍ਰਧਾਨਗੀ ਅਹੁਦੇ 'ਤੇ ਸੁਖਬੀਰ ਬਾਦਲ ਹੀ ਰਹਿਣਗੇ। ਜਦੋਂ ਕਿ ਸੁਖਬੀਰ ਬਾਦਲ ਦੇ ਹੱਕ ਵਿੱਚ ਬੀਤੇ ਦਿਨੀਂ ਕੁਝ ਸੀਨੀਅਰ ਆਗੂਆਂ ਵੱਲੋਂ ਅਸਤੀਫਾ ਵੀ ਦਿੱਤਾ ਗਿਆ, ਜਿਸ ਵਿੱਚ ਮੋਹਾਲੀ ਤੋਂ ਸਾਬਕਾ ਐਮਐਲਏ ਅਤੇ ਸਾਬਕਾ ਕੈਬਿਨਟ ਮੰਤਰੀ ਰਹੇ ਐਨਕੇ ਸ਼ਰਮਾ ਵੀ ਸ਼ਾਮਿਲ ਹਨ।
ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈਕੇ ਘਮਾਸਾਣ (ETV BHARAT) ਸੁਖਬੀਰ ਦੇ ਅਸਤੀਫੇ ਦੀ ਮੰਗ
ਅਕਾਲੀ ਦਲ ਸੁਧਾਰ ਧੜੇ ਵੱਲੋਂ ਲਗਾਤਾਰ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਵਿੱਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੁਖਦੇਵ ਸਿੰਘ ਢੀਡਸਾ, ਚਰਨਜੀਤ ਸਿੰਘ ਬਰਾੜ ਅਤੇ ਹੋਰ ਵੀ ਆਗੂ ਸ਼ਾਮਿਲ ਹਨ। ਇਹਨਾਂ ਆਗੂਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਸੁਖਬੀਰ ਬਾਦਲ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ। ਮੁੱਲਾਂਪੁਰ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਵੱਲੋਂ ਵੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਸਨ। ਜਿਸ ਤੋਂ ਬਾਅਦ ਉਹ ਲਗਾਤਾਰ ਅਕਾਲੀ ਦਲ ਤੋਂ ਖਫਾ ਚੱਲ ਰਹੇ ਸਨ ਅਤੇ ਆਪਣੇ ਆਪ ਨੂੰ ਉਹਨਾਂ ਨੇ ਅਕਾਲੀ ਦਲ ਦੀ ਗਤੀਵਿਧੀਆਂ ਤੋਂ ਦੂਰ ਰੱਖਿਆ ਹੋਇਆ ਹੈ। ਇਸ ਨੂੰ ਲੈਕੇ ਮਹੇਸ਼ਇੰਦਰ ਗਰੇਵਾਲ ਨੇ ਦਾਅਵਾ ਕੀਤਾ ਹੈ ਕਿ ਉਹ ਅਕਾਲੀ ਦਲ ਨਾਲ ਹੀ ਹਨ। ਬੀਤੇ ਦਿਨੀਂ ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਨੂੰ ਲੈ ਕੇ ਹੁਣ ਸੁਖਬੀਰ ਬਾਦਲ ਦੇ ਕਰੀਬੀਆਂ ਵੱਲੋਂ ਉਨ੍ਹਾਂ ਦੇ ਸਮਰਥਨ ਦੇ ਵਿੱਚ ਨਿਤਰ ਕੇ ਮੁੜ ਤੋਂ ਸੁਖਬੀਰ ਬਾਦਲ ਨੂੰ ਹੀ ਪ੍ਰਧਾਨਗੀ ਅਹੁਦੇ ਤੇ ਬਣੇ ਰਹਿਣ ਦਾ ਸਮਰਥਨ ਕੀਤਾ ਜਾ ਰਿਹਾ ਹੈ।
ਅੰਤਰਿੰਗ ਕਮੇਟੀ ਦਾ ਫੈਸਲਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਅੰਤਰਿੰਗ ਕਮੇਟੀ ਦੇ ਮੈਂਬਰ ਮਹੇਸ਼ ਇੰਦਰ ਗਰੇਵਾਲ ਨੇ ਸਾਫ ਕਿਹਾ ਹੈ ਕਿ ਜੇਕਰ ਉਹ ਅਕਾਲੀ ਦਲ ਦੀ ਸੇਵਾ ਕਰਨਾ ਚਾਹੁੰਦੇ ਹਨ ਤਾਂ ਉਹ ਪ੍ਰਧਾਨਗੀ ਅਹੁਦੇ 'ਤੇ ਸੁਖਬੀਰ ਬਾਦਲ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਵੇਖਣਾ ਚਾਹੁਣਗੇ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਦੀ ਪਾਰਟੀ ਪ੍ਰਤੀ ਸੋਚ ਬਿਲਕੁਲ ਸਪੱਸ਼ਟ ਹੈ। ਉਹਨਾਂ ਕਿਹਾ ਕਿ ਜੋ ਆਪਣੇ ਆਪ ਨੂੰ ਅਕਾਲੀ ਦਲ ਸੁਧਾਰ ਧੜਾ ਦੱਸ ਰਹੇ ਨੇ, ਅਸਲ ਦੇ ਵਿੱਚ ਉਹ ਵਿਗਾੜ ਧੜਾ ਹੈ। ਉਹਨਾਂ ਕਿਹਾ ਕਿ ਇਹਨਾਂ ਵੱਲੋਂ ਜ਼ਿਮਨੀ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਖੜੇ ਕਰਨ ਦੀ ਗੱਲ ਕਹੀ ਸੀ ਪਰ ਹੁਣ ਚੋਣਾਂ ਤੋਂ ਕਿਨਾਰਾ ਕਰ ਲਿਆ। ਉਹਨਾਂ ਕਿਹਾ ਕਿ ਮੈਂ ਦਾਅਵਾ ਕਰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇਹ ਆਪਣੇ ਉਮੀਦਵਾਰ ਖੜੇ ਕਰਕੇ ਵਿਖਾਉਣ ਇਹਨਾਂ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ।
ਸੁਖਬੀਰ ਦੇ ਹੱਕ 'ਚ ਆਏ ਕਰੀਬੀ
ਮਹੇਸ਼ਇੰਦਰ ਗਰੇਵਾਲ ਨੇ ਇਹ ਵੀ ਕਿਹਾ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਬਾਕੀ ਸਿੰਘ ਸਾਹਿਬਾਨ ਉਹਨਾਂ ਦੇ ਸਮਰਥਨ ਦੇ ਵਿੱਚ ਆ ਕੇ ਖੜ ਗਏ ਸਨ। ਉਹਨਾਂ ਕਿਹਾ ਕਿ ਇਹ ਗੱਲ ਅੰਤਰਿਮ ਕਮੇਟੀ ਦੀ ਬੈਠਕ ਦੇ ਵਿੱਚ ਬੀਤੇ ਦਿਨ ਹੋਈ ਹੈ। ਇਸੇ ਕਰਕੇ ਸੁਖਬੀਰ ਬਾਦਲ ਨੂੰ ਆਪਣਾ ਅਸਤੀਫਾ ਵਾਪਸ ਲੈਣ ਲਈ ਕਿਹਾ ਗਿਆ ਹੈ। ਗਰੇਵਾਲ ਨੇ ਕਿਹਾ ਕਿ ਉਹਨਾਂ ਨੂੰ ਡਰ ਹੈ ਕਿ ਸੁਖਬੀਰ ਬਾਦਲ ਜੋ ਇੱਕ ਵਾਰ ਫੈਸਲਾ ਲੈ ਲੈਂਦੇ ਹਨ, ਉਹ ਮੁੜ ਤੋਂ ਉਸ ਫੈਸਲੇ ਨੂੰ ਵਾਪਸ ਨਹੀਂ ਲੈਂਦੇ। ਉਹਨਾਂ ਕਿਹਾ ਕਿ ਇਸੇ ਗੱਲ ਦਾ ਉਹਨਾਂ ਨੂੰ ਡਰ ਲੱਗ ਰਿਹਾ ਹੈ। ਮਹੇਸ਼ਇੰਦਰ ਗਰੇਵਾਲ ਨੇ ਸਾਫ ਕਿਹਾ ਕਿ ਕੁਝ ਕੁ ਆਗੂਆਂ ਨੂੰ ਛੱਡ ਕੇ ਬਾਕੀ ਸਾਰੇ ਹੀ ਸੁਖਬੀਰ ਬਾਦਲ ਦੇ ਨਾਲ ਖੜੇ ਹਨ। ਉਹਨਾਂ ਕਿਹਾ ਕਿ ਜਿਹੜੇ ਇਹ ਦਾਅਵੇ ਕਰ ਰਹੇ ਹਨ ਕਿ ਕਿਸੇ ਹੋਰ ਨੂੰ ਪ੍ਰਧਾਨ ਲਾਇਆ ਜਾਵੇ, ਉਹਨਾਂ ਕਿਹਾ ਅਜਿਹਾ ਨਹੀਂ ਹੋ ਸਕਦਾ ਕਿਉਂਕਿ ਕਿਸੇ ਕੱਲ ਦੇ ਲੀਡਰ ਨੂੰ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣਾਇਆ ਜਾ ਸਕਦਾ। ਉਹਨਾਂ ਕਿਹਾ ਕਿ ਅੰਤਰਿਮ ਕਮੇਟੀ ਨੇ ਇਹ ਫੈਸਲਾ ਪਹਿਲਾਂ ਹੀ ਲੈ ਲਿਆ ਹੈ।
ਵਿਰੋਧੀਆਂ ਨੇ ਚੁੱਕੇ ਸਵਾਲ
ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਸਵਾਲ ਵੀ ਖੜੇ ਕੀਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਇਹ ਕੰਮ ਅਕਾਲੀ ਦਲ ਦੇ ਪ੍ਰਧਾਨ ਨੂੰ ਦੋ ਸਾਲ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਹੁਣ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਅਸਤੀਫੇ ਦੇ ਰਹੇ ਹਨ, ਉਸ ਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਲੋਕ ਮੰਗ ਰਹੇ ਹਨ ਅਸਤੀਫੇ, ਇਸ ਕਰਕੇ ਮਜਬੂਰੀ 'ਚ ਦੇ ਰਹੇ ਹਨ। ਉਹਨਾਂ ਕਿਹਾ ਕਿ ਇਹ ਕੰਮ ਉਹਨਾਂ ਨੂੰ ਪਹਿਲਾਂ ਕਰਨਾ ਚਾਹੀਦਾ ਸੀ। ਦੂਜੇ ਪਾਸੇ ਭਾਜਪਾ ਦੇ ਲੁਧਿਆਣਾ ਤੋਂ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਵੋਟ ਮੰਗਣ ਦਾ ਅਧਿਕਾਰ ਸਭ ਨੂੰ ਹੈ। ਉਹਨਾਂ ਕਿਹਾ ਕਿ ਭਾਜਪਾ ਉਹਨਾਂ ਦੇ ਧਾਰਮਿਕ ਮਾਮਲਿਆਂ 'ਚ ਕੋਈ ਦਖਲ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਜਿਹੜੇ ਆਗੂ ਭਾਜਪਾ ਨੂੰ ਸਮਰਥਨ ਕਰ ਰਹੇ ਹਨ, ਉਹ ਆਪਣੀ ਮਰਜ਼ੀ ਨਾਲ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਸੁਖਬੀਰ ਬਾਦਲ ਦਾ ਸਤਿਕਾਰ ਕਰਦੇ ਹਾਂ ਪਰ ਜੋ ਅੱਜ ਪਾਰਟੀ ਦੇ ਹਾਲਾਤ ਹਨ ਇਹ ਕਿਤੇ ਨਾ ਕਿਤੇ ਪਾਰਟੀ ਦੇ ਕੁਝ ਲੀਡਰਾਂ ਕਰਕੇ ਹੀ ਹਨ।