ਸੰਸਦ 'ਚ ਅੰਮ੍ਰਿਤਪਾਲ ਦਾ ਮੁੱਦਾ (ETV BHARAT) ਅੰਮ੍ਰਿਤਸਰ: ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਵਲੋਂ ਲੋਕ ਸਭਾ 'ਚ ਪੰਜਾਬ ਦੇ ਕਈ ਮੁੱਦਿਆਂ ਨੂੰ ਚੁੱਕਿਆ। ਇਸ ਦੌਰਾਨ ਉਨ੍ਹਾਂ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ਦੇਸ਼ 'ਚ ਮੌਜੂਦਾ ਸਮੇਂ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਹਨ। ਇਸ ਦੌਰਾਨ ਚਰਨਜੀਤ ਚੰਨੀ ਅਤੇ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ 'ਚ ਤਲਖੀ ਵੀ ਦੇਖਣ ਨੂੰ ਮਿਲੀ। ਜਿਸ ਨੂੰ ਲੈਕੇ ਕਾਂਗਰਸ ਆਗੂ ਡਾ. ਰਾਜ ਕੁਮਾਰ ਵੇਰਕਾ ਵਲੋਂ ਰਵਨੀਤ ਬਿੱਟੂ 'ਤੇ ਨਿਸ਼ਾਨਾ ਸਾਧਿਆ ਗਿਆ ਹੈ।
ਦੇਸ਼ 'ਚ ਐਮਰਜੈਂਸੀ ਵਰਗੇ ਹਾਲਾਤ: ਦੱਸ ਦਈਏ ਕਿ ਚਰਨਜੀਤ ਚੰਨੀ ਨੇ ਕਿਸਾਨਾਂ ਦੇ ਮੁੱਦਿਆਂ ਸਣੇ, ਮਣੀਪੁਰ ਹਿੰਸਾ, ਸਿੱਧੂ ਮੂਸੇਵਾਲਾ ਕਤਲ ਅਤੇ ਸਾਂਸਦ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਸਬੰਧੀ ਗੱਲਬਾਤ ਕਰਦਿਆਂ ਭਾਜਪਾ ਸਰਕਾਰ ਨੂੰ ਘੇਰਿਆ ਸੀ ਤੇ ਨਾਲ ਹੀ ਦੇਸ਼ 'ਚ ਐਮਰਜੈਂਸੀ ਵਰਗੇ ਹਾਲਾਤ ਹੋਣ ਦੀ ਗੱਲ ਕੀਤੀ ਸੀ। ਇਸ ਦੌਰਾਨ ਫਿਰ ਚੰਨੀ ਤੇ ਬਿੱਟੂ 'ਚ ਤਲਖੀ ਹੋ ਗਈ। ਉਧਰ ਡਾ. ਵੇਰਕਾ ਨੇ ਕਿਹਾ ਕਿ ਸੰਸਦ 'ਚ ਚਰਨਜੀਤ ਚੰਨੀ ਨੇ ਕੁਝ ਵੀ ਗਲਤ ਨਹੀਂ ਕਿਹਾ ਹੈ। ਉਨ੍ਹਾਂ ਕਿਹਾ ਕਿ ਜਾਤ-ਪਾਤ ਦੇ ਅਧਾਰ 'ਤੇ ਵੰਡੀਆਂ ਪਾ ਕੇ ਦੇਸ਼ 'ਚ ਐਮਰਜੈਂਸੀ ਵਰਗੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ।
ਹਿੰਦੂ ਤੇ ਮੁਸਲਮਾਨਾਂ 'ਚ ਪਾੜਾ ਪਾਉਣ ਦੀ ਕੋਸ਼ਿਸ਼: ਉਹਨਾਂ ਕਿਹਾ ਕਿ ਯੂਪੀ ਸਰਕਾਰ ਵੱਲੋਂ ਜੋ ਕਿਹਾ ਗਿਆ ਕਿ ਆਪਣੀ ਦੁਕਾਨਾਂ ਉੱਤੇ ਆਪਣੇ ਨਾਮ ਅਤੇ ਜਾਤ ਲਿਖੋ, ਜਿਸ ਦਾ ਹਾਈਕੋਰਟ ਨੇ ਵੀ ਯੂਪੀ ਸਰਕਾਰ ਨੂੰ ਠੋਕ ਕੇ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਦੇਸ਼ ਵਿੱਚ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਬੇਅੰਤ ਸਿੰਘ ਦੀ ਹੱਤਿਆ ਪਹਿਲਾਂ ਨਹੀਂ ਹੋਈ ਸਗੋਂ ਉਦੋਂ ਹੋਈ ਹੈ ਜਦੋਂ ਰਵਨੀਤ ਬਿੱਟੂ ਭਾਜਪਾ 'ਚ ਸ਼ਾਮਲ ਹੋ ਗਏ।
ਅੰਮ੍ਰਿਤਪਾਲ ਨੂੰ ਲੈਕੇ ਵੀ ਆਖੀ ਇਹ ਗੱਲ:ਇਸ ਦੇ ਨਾਲ ਹੀ ਸਾਂਸਦ ਅੰਮ੍ਰਿਤਪਾਲ ਨੂੰ ਲੈਕੇ ਵੇਰਕਾ ਨੇ ਕਿਹਾ ਕਿ ਚਰਨਜੀਤ ਚੰਨੀ ਨੇ ਇਸ 'ਚ ਕੁਝ ਵੀ ਗਲਤ ਨਹੀਂ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇ ਅੰਮ੍ਰਿਤਪਾਲ ਗਲਤ ਸੀ ਜਾਂ ਦੋਸ਼ੀ ਸੀ ਤਾਂ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਚੋਣ ਲੜਨ ਦੀ ਹੀ ਪ੍ਰਵਾਨਗੀ ਹੀ ਕਿਉਂ ਦਿੱਤੀ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਸਹੁੰ ਵੀ ਚੁਕਾਈ ਗਈ। ਵੇਰਕਾ ਨੇ ਕਿਹਾ ਕਿ ਜੇ ਉਹ ਗਲਤ ਹੈ ਤਾਂ ਕਾਨੂੰਨ ਆਪਣਾ ਕੰਮ ਕਰੇ ਪਰ ਸੰਵਿਧਾਨ ਇਹ ਕਹਿੰਦਾ ਹੈ ਕਿ ਲੋਕਾਂ ਦੀ ਚੁਣੀ ਹੋਈ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ ਤੇ ਉਸ ਨੂੰ ਸੰਸਦ 'ਚ ਆਪਣੇ ਲੋਕਾਂ ਦੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਹੈ।