ਅੰਮ੍ਰਿਤਸਰ:ਪੰਚਾਇਤੀ ਚੋਣਾਂ ਦੌਰਾਨ ਸੂਬੇ ਭਰ ਤੋਂ ਬੀਡੀਪੀਓ ਅਤੇ ਸਰਪੰਚੀ ਅਤੇ ਪੰਚ ਦੇ ਉਮੀਦਵਾਰਾਂ ਦੇ ਦਰਮਿਆਨ ਤਿੱਖੀ ਤਕਰਾਰ ਅਤੇ ਲੜਾਈ ਝਗੜੇ ਦੀਆਂ ਵੱਖ-ਵੱਖ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿਸ ਵਿੱਚ ਜ਼ਿਆਦਾਤਰ ਉਮੀਦਵਾਰਾਂ ਵੱਲੋਂ ਬਲਾਕ ਅਫਸਰਾਂ ਦੇ ਉੱਤੇ ਕਥਿਤ ਧੱਕੇਸ਼ਾਹੀ ਅਤੇ ਜ਼ਰੂਰੀ ਕਾਗਜ਼ਾਤ ਮੁਹੱਈਆ ਨਾ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ।
ਬੀਡੀਪੀਓ ਰਈਆ ਨੂੰ ਸਿੱਧਾ ਹੋਇਆ ਸਰਪੰਚ (ETV BHARAT) ਸਾਬਕਾ ਸਰਪੰਚ ਤੇ ਬੀਡੀਪੀਓ 'ਚ ਤਕਰਾਰ
ਇਸੇ ਤਰ੍ਹਾਂ ਦਾ ਮਾਮਲਾ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਅਧੀਨ ਪੈਂਦੇ ਰਈਆ ਬਲਾਕ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਰਈਆ ਬਲਾਕ ਦੇ ਪਿੰਡ ਬਾਬਾ ਸਾਵਣ ਸਿੰਘ ਨਗਰ ਤੋਂ ਸਾਬਕਾ ਸਰਪੰਚ ਵਲੋਂ ਪੰਚਾਇਤ ਸੈਕਟਰੀ ਵੱਲੋਂ ਲਗਾਤਾਰ ਉਹਨਾਂ ਨੂੰ ਅਣਗੌਲਿਆ ਕਰਨ ਦੇ ਨਾਲ-ਨਾਲ ਐਨਓਸੀ, ਚੁੱਲ੍ਹਾ-ਟੈਕਸ ਅਤੇ ਹੋਰ ਜ਼ਰੂਰੀ ਕਾਗਜ਼ਾਤ ਦੇਣ ਤੋਂ ਆਨਾ-ਕਾਣੀ ਕਰਨ ਦੇ ਕਥਿਤ ਦੋਸ਼ ਲਗਾਏ ਗਏ। ਇਸ ਦੌਰਾਨ ਸਾਬਕਾ ਸਰਪੰਚ ਦੀ ਅੱਜ ਬੀਡੀਪੀਓ ਰਈਆ ਕੁਲਵੰਤ ਸਿੰਘ ਦੇ ਨਾਲ ਬਹਿਸ ਕਰਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਬੀਡੀਪੀਓ 'ਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼
ਇਸ ਦੌਰਾਨ ਹਰਪ੍ਰੀਤ ਸਿੰਘ ਵੱਲੋਂ ਉਹਨਾਂ ਨੂੰ ਜ਼ਰੂਰੀ ਕਾਗਜ਼ਾਤ ਮੁਹੱਈਆ ਨਾ ਹੋਣ ਉੱਤੇ ਰਈਆ ਬਲਾਕ ਦੇ ਸਾਹਮਣੇ ਮੁੱਖ ਸੜਕ 'ਤੇ ਧਰਨਾ ਲਗਾਉਣ ਦੀ ਚਿਤਾਵਨੀ ਦਿੱਤੀ ਗਈ। ਇਸ ਤਿੱਖੀ ਤਕਰਾਰ ਦੌਰਾਨ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵੀ ਮੌਕੇ ਉੱਤੇ ਪੁੱਜੇ ਅਤੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਿਆਂ ਬੀਡੀਪੀਓ ਰਈਆ ਨਾਲ ਗੱਲਬਾਤ ਕੀਤੀ।
ਸੱਤਾਧਾਰੀ ਧਿਰ ਕਰ ਰਹੀ ਧੱਕਾ: ਸਾਬਕਾ MLA
ਇਸ ਦੌਰਾਨ ਗੱਲਬਾਤ ਕਰਦੇ ਹੋਏ ਸਾਬਕਾ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਸੱਤਾਧਾਰੀ ਧਿਰ ਵੱਲੋਂ ਦੂਸਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਅਫਸਰਾਂ ਦੀ ਸ਼ੈਅ ਉਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਕਿ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਵਰਕਰ ਦੇ ਨਾਲ ਅਜਿਹਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਬੀਡੀਪੀਓ ਨੇ ਇਲਜ਼ਾਮਾਂ ਨੂੰ ਨਕਾਰਿਆ
ਉਧਰ ਜਦੋਂ ਇਸ ਬਾਬਤ ਬੀਡੀਪੀਓ ਰਈਆ ਕੁਲਵੰਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਮੂਹ ਬਲਾਕ ਅਧਿਕਾਰੀਆਂ ਵੱਲੋਂ ਸਮੇਂ ਸਿਰ ਆਪਣਾ ਕੰਮਕਾਜ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੁਝ ਲੋਕਾਂ ਵੱਲੋਂ ਜਲਦਬਾਜ਼ੀ ਦਿਖਾਉਂਦੇ ਹੋਏ ਉਹਨਾਂ ਦੇ ਉੱਤੇ ਗਲਤ ਢੰਗ ਨਾਲ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਜਾ ਰਹੇ ਹਨ, ਜੋ ਕਿ ਬੇਬੁਨਿਆਦ ਹਨ। ਉਹਨਾਂ ਕਿਹਾ ਕਿ ਪ੍ਰਾਪਤ ਹੋ ਰਹੀਆਂ ਫਾਈਲਾਂ ਦੀ ਘੋਖ ਪੜਤਾਲ ਕਰਨ ਤੋਂ ਬਾਅਦ ਜੇਕਰ ਫਾਈਲ ਸਹੀ ਪਾਈ ਜਾ ਰਹੀ ਹੈ ਤਾਂ ਨਾਲ ਦੇ ਨਾਲ ਹੀ ਉਹਨਾਂ ਨੂੰ ਚੁੱਲ੍ਹਾ ਟੈਕਸ ਅਤੇ ਐਨ.ਓ.ਸੀ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਕਿਸੇ ਵੀ ਉਮੀਦਵਾਰ ਦੇ ਨਾਲ ਪੱਖਪਾਤ ਨਹੀਂ ਕੀਤਾ ਜਾ ਰਿਹਾ ਹੈ।