ਸੰਗਰੂਰ: ਪੰਜਾਬ ਭਰ ਦੇ ਕੰਪਿਉਟਰ ਅਧਿਆਪਕਾਂ ਨੇ ਆਪਣੇ ਅਧਿਕਾਰਾਂ ਦੀ ਬਹਾਲੀ ਅਤੇ ਸਰਕਾਰ ਦੀ ਅਦਾਖਿਲਾਫੀ ਦੇ ਖਿਲਾਫ਼ ਚਲਾਏ ਜਾ ਰਹੇ ਸੰਘਰਸ਼ ਨੂੰ ਹੁਣ ਆਰ-ਪਾਰ ਦੀ ਲੜਾਈ ਵਿਚ ਬਦਲ ਦਿੱਤਾ ਹੈ। ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ, ਪੰਜਾਬ ਦੇ ਬੈਨਰ ਹੇਠ ਸੈਂਕੜੇ ਅਧਿਆਪਕ ਬੀਤੇ 105 ਦਿਨਾਂ ਤੋਂ ਸੰਗਰੂਰ ਦੇ ਡੀਸੀ ਦਫ਼ਤਰ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇ ਹਨ। ਪਰ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਉਨ੍ਹਾਂ ਦੀ ਸੁਧ ਨਹੀਂ ਲਈ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਹੋਈਆਂ ਦਰਜਨਾਂ ਮੀਟਿੰਗਾਂ ਦਾ ਸਿੱਟਾ ਵੀ ਹੁਣ ਤੱਕ ‘ਢੱਕ ਦੇ ਤਿੰਨ ਪੱਤ’ ਵਾਲਾ ਹੀ ਰਿਹਾ ਹੈ। ਜਿਸ ਦੇ ਰੋਸ ਵੱਜੋਂ ਅੱਜ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਨੇ ਭੁੱਖ ਹੜਤਾਲ, ਐਸਸੀਬੀਸੀ ਅਧਿਆਪਕ ਯੂਨੀਅਨ ਆਦਿ ਦੇ ਨਾਲ ਸੰਗਰੂਰ ਦੇ ਵੱਖ-ਵੱਖ ਬਜ਼ਾਰਾਂ ਵਿਚ ਇੱਕ ਵੱਡੇ ਰੋਸ ਮਾਰਚ ਦੇ ਰੂਪ ਵਿੱਚ ਰੋਸ ਪ੍ਰਦਰਸ਼ਨ ਕੀਤਾ। ਜਿਸ ਮਗਰੋਂ ਉਨ੍ਹਾਂ ਨੇ ਮੁੱਖ ਮੰਤਰੀ ਨਿਵਾਸ ਅੱਗੇ ਪਹੁੰਚ ਕੇ ਜ਼ਬਰਦਸਤ ਨਾਅਰੇਬਾਜੀ ਕਰਦੇ ਹੋਏ ਆਪਣੇ ਹੱਕਾਂ ਦੇ ਲਈ ਅਵਾਜ਼ ਬੁਲੰਦ ਕੀਤੀ ਗਈ।
ਡੇਢ ਮਹੀਨਾ ਬੀਤਣ ਦੇ ਬਾਅਦ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ
ਇਸ ਮੌਕੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂ ਲੁਧਿਆਣਾ ਨੇ ਦੱਸਿਆ ਕਿ 5 ਨਵੰਬਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ਨੂੰ ਕੁਝ ਹੀ ਦਿਨਾਂ ਦੇ ਅੰਦਰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਡੇਢ ਮਹੀਨਾ ਬੀਤਣ ਦੇ ਬਾਅਦ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਜਦੋਂ ਕਿ ਸੰਗਰੂਰ ਪ੍ਰਦਰਸ਼ਨ ਵੱਲੋਂ ਮਹਿੰਗਾਈ ਭੱਤਾ 12 ਦਿਸੰਬਰ ਤੱਕ ਬਹਾਲ ਕਰਨ ਦੇ ਲਈ ਐਲਾਨ ਕੀਤਾ ਸੀ। ਪਰ ਇਹ ਵਾਅਦਾ ਪਹਿਲੇ ਲਾਰਿਆਂ ਵਾਂਗ ਝੂਠਾ ਹੀ ਸਾਬਿਤ ਹੋਇਆ ਹੈ, ਜਿਸ ਦੇ ਚਲੇ ਕੰਪਿਊਟਰ ਅਧਿਆਪਕਾਂ ਵਿੱਚ ਭਰਪੂਰ ਰੋਸ਼ ਹੈ।