ਅੰਮ੍ਰਿਤਸਰ:ਪਿੱਛਲੇ ਕਾਫੀ ਦਿਨਾਂ ਤੋਂ ਅੱਤ ਦੀ ਗਰਮੀ ਪੈ ਰਹੀ ਸੀ। ਜਿਸ ਤੋਂ ਬਾਅਦ ਅੱਜ ਬਿਆਸ, ਰਈਆ, ਜੰਡਿਆਲਾ ਗੁਰੂ ਵਿਖੇ ਸਵੇਰ ਤੋਂ ਹੀ ਠੰਡੀਆਂ ਠਾਰ ਹਵਾਵਾਂ ਚੱਲਣ ਅਤੇ ਅਸਮਾਨੀ ਕਾਲੇ ਬੱਦਲ ਅਉਣ ਨਾਲ ਮੌਸਮ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਖੇਤਾਂ ਵਿਚ ਤਿਆਰ ਖੜੀ ਹੋਈ ਨਜ਼ਰ ਆ ਰਹੀ ਹੈ। ਅੱਜ ਥੋੜੀ-ਥੋੜੀ ਕਿਣ ਮਿਣ ਹੋਣ ਨਾਲ ਕਿਸਾਨਾਂ ਦੇ ਸਾਹ ਸੁੱਕੇ ਪਏ ਹਨ।
ਝੋਨੇ ਦੀ ਵਾਢੀ ਅਤੇ ਬਦਲਦਾ ਮੌਸਮ (ETV BHARAT) ਬਦਲਦੇ ਮੌਸਮ ਨੇ ਸੂਤੇ ਸਾਹ
ਇਸ ਦੌਰਾਨ ਮੌਸਮ ਦੇ ਰੁਖ ਨੂੰ ਦੇਖਦੇ ਹੋਏ ਖੇਤਾਂ ਵਿੱਚ ਫ਼ਸਲ ਸਾਂਭ ਰਹੇ ਵੱਖ-ਵੱਖ ਕਿਸਾਨਾਂ ਤੇ ਕੰਬਾਈਨ ਚਾਲਕ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਜਾਣਿਆ ਗਿਆ। ਇਸ ਗੱਲਬਾਤ ਦੌਰਾਨ ਕਿਸਾਨ ਕਸ਼ਮੀਰ ਸਿੰਘ , ਤਰਸੇਮ ਸਿੰਘ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਦੀ ਕਟਾਈ ਹੋ ਰਹੀ ਹੈ ਤੇ ਬੇਮੌਸਮੀ ਮੀਂਹ ਹੋਣ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਰਸਾਤ ਨਾਲ ਨੀਵੇਂ ਖੇਤਾਂ ਵਿੱਚ ਪਾਣੀ ਖੜ੍ਹਾ ਹੋਣ ਨਾਲ ਜਿੱਥੇ ਫ਼ਸਲ ਡਿੱਗ ਕੇ ਦੁਬਾਰਾ ਝੋਨਾ ਪੁੰਗਰਨ ਨਾਲ ਫ਼ਸਲ ਦਾ ਨੁਕਸਾਨ ਹੈ। ਉਥੇ ਹੀ ਖੇਤ ਦੀ ਸਾਂਭ ਵਿੱਚ ਵੀ ਸਮੱਸਿਆ ਪੇਸ਼ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਮੰਡੀ ਵਿੱਚ ਫ਼ਸਲ ਦਾ ਰੇਟ ਬਹੁਤ ਘੱਟ ਲੱਗ ਰਿਹਾ ਹੈ ਅਤੇ ਕਿਸਾਨਾਂ ਦੀ ਫ਼ਸਲ ਉਗਾਉਣ ਲਈ ਲਗਾਈ ਮਿਹਨਤ ਤੇ ਖਰਚੇ ਵੀ ਪੂਰੇ ਨਹੀਂ ਹੋ ਰਹੇ ਹਨ।
ਵੱਧ ਰਹੀ ਮਹਿੰਗਾਈ ਦੀ ਪੈ ਰਹੀ ਮਾਰ
ਉਧਰ ਕੰਬਾਈਨ ਚਾਲਕ ਹਰਪਾਲ ਸਿੰਘ ਨੇ ਦੱਸਿਆ ਕਿ ਡੀਜ਼ਲ ਅਤੇ ਮਸ਼ੀਨਰੀ ਦੇ ਸਪੇਅਰ ਪਾਰਟ ਦੀਆਂ ਕੀਮਤਾਂ ਵੱਧ ਜਾਣ ਕਾਰਨ ਕਾਫੀ ਸਮੱਸਿਆ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਿੱਤੇ ਵਿਚ ਕਮਾਈ ਵੀ ਖਤਮ ਹੁੰਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਸ਼ੀਨਰੀ ਬਹੁਤ ਜਿਆਦਾ ਹੋ ਜਾਣ ਨਾਲ ਮੁਕਾਬਲਾ ਵੱਧ ਗਿਆ ਹੈ ਅਤੇ ਮਿਹਨਤ ਦਾ ਸਹੀ ਮੁੱਲ ਨਹੀਂ ਮਿਲ ਪਾ ਰਿਹਾ ਹੈ।