ਪੰਜਾਬ

punjab

ETV Bharat / state

ਲੁਧਿਆਣਾ 'ਚ CM ਮਾਨ ਤੇ ਅਰਵਿੰਦ ਕੇਜਰੀਵਾਲ ਨੇ ਕੀਤਾ ਸਕੂਲ ਆੱਫ ਐਮੀਨੈਂਸ ਦਾ ਉਦਘਾਟਨ - ਸਕੂਲ ਆੱਫ ਐਮੀਨੈਂਸ ਦਾ ਉਦਘਾਟਨ

ਪੰਜਾਬ ਸਰਕਾਰ ਵਲੋਂ ਸੂਬੇ ਦੀ ਮਿਆਰੀ ਸਿੱਖਿਆ ਨੂੰ ਉੱਚਾ ਚੁੱਕਣ ਲਈ ਯਤਨ ਲਗਾਤਾਰ ਕੀਤੇ ਜਾ ਰਹੇ ਹਨ। ਇਸ ਦੇ ਚੱਲਦੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ 13 ਸਕੂਲ ਆੱਫ ਐਮੀਨੈਂਸ ਦਾ ਉਦਘਾਟਨ ਕੀਤਾ ਗਿਆ।

School Of Eminence
School Of Eminence

By ETV Bharat Punjabi Team

Published : Mar 3, 2024, 12:46 PM IST

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਲੁਧਿਆਣਾ ਦੇ ਇੰਦਰਾਪੁਰੀ ਅੰਦਰ ਬਣਿਆ ਸਕੂਲ ਆੱਫ ਐਮੀਨੈਂਸ ਲੋਕਾਂ ਨੂੰ ਸਪੁਰਦ ਕਰਨ ਪਹੁੰਚੇ ਹਨ। ਕਾਬਿਲੇਗੌਰ ਹੈ ਕਿ ਅਤਿ ਆਧੁਨਿਕ ਸੁਵਿਧਾਵਾਂ ਅਤੇ ਸਵਿਮਿੰਗ ਪੂਲ ਦੇ ਨਾਲ ਲੈਸ ਪੰਜਾਬ ਦਾ ਇਹ ਪਹਿਲਾ ਸਕੂਲ ਹੈ। ਇਸ ਤੋਂ ਇਲਾਵਾ 13 ਹੋਰ ਸਕੂਲ ਆੱਫ ਐਮੀਨੈਂਸ ਬਣ ਕੇ ਤਿਆਰ ਹੋ ਚੁੱਕੇ ਹਨ, ਜਿਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵਲੋਂ ਲੋਕ ਅਰਪਿਤ ਕੀਤਾ ਗਿਆ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਇਹ ਪਹਿਲਾ ਸਰਕਾਰੀ ਸਕੂਲ ਹੋਵੇਗਾ ਜਿਸ ਵਿੱਚ ਸਵਿਮਿੰਗ ਪੂਲ ਦੀ ਸਹੂਲਤ ਹੋਵੇਗੀ।

ਸਕੂਲ 'ਚ ਇਹ ਸਭ ਸਹੂਲਤਾਂ:ਲੁਧਿਆਣਾ ਦੇ ਚੰਡੀਗੜ੍ਹ ਰੋਡ 'ਤੇ ਸਥਿਤ ਸਕੂਲ ਆੱਫ ਐਮੀਨੈਂਸ ਇੰਦਰਾਪੁਰੀ ਦੇ ਵਿੱਚ ਬਣਾਇਆ ਗਿਆ ਹੈ, ਜਿਸ 'ਚ 22 ਸਮਾਰਟ ਕਲਾਸ ਰੂਮ ਬਣਾਏ ਗਏ ਹਨ। ਇਸ ਤੋਂ ਇਲਾਵਾ ਚਾਰ ਸਾਇੰਸ ਲੈਬ, ਇੱਕ ਕੰਪਿਊਟਰ ਲੈਬ ਤੋਂ ਇਲਾਵਾ ਸਵਿਮਿੰਗ ਪੂਲ, ਬਾਸਕਟਬਾਲ ਦਾ ਮੈਦਾਨ ਬਣੇ ਹਨ। ਇਸ ਤੋਂ ਇਲਾਵਾ ਵਾਲੀਬਾਲ, ਹੈਂਡਬਾਲ ਅਤੇ ਟੈਨਿਸ ਦਾ ਵੀ ਵੱਖਰਾ ਮੈਦਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਸਕੂਲ 'ਚ ਵਿਸ਼ਾਲ ਲਾਇਬ੍ਰੇਰੀ, ਬਿਲਡਿੰਗ ਦੀਆਂ ਸਾਰੀਆਂ ਮੰਜ਼ਿਲਾਂ 'ਤੇ 6 ਆਰਓ ਅਤੇ ਵਾਟਰਕੂਲਰ ਲਗਾਏ ਗਏ ਹਨ। ਇਸ ਦੇ ਨਾਲ ਹੀ ਸੁਰੱਖਿਆ ਵਜੋਂ ਸਕੂਲ 'ਚ 24 ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ।

ਗਰੰਟੀਆਂ ਪੂਰੀਆਂ ਕਰ ਰਹੀ ਸਰਕਾਰ: ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ- ਹਰ ਕੋਈ ਪੁੱਛਦਾ ਸੀ, ਗਾਰੰਟੀ ਪੂਰੀ ਕਰਨ ਲਈ ਪੈਸੇ ਕਿੱਥੋਂ ਮਿਲਣਗੇ। ਅਸੀਂ ਉਨ੍ਹਾਂ ਤੋਂ ਹੀ ਪੈਸੇ ਲਿਆਵਾਂਗੇ। ਸੁਖਵਿਲਾਸ ਦੀ ਫਾਈਲ ਕੁਝ ਦਿਨ ਪਹਿਲਾਂ ਹੀ ਅੱਗੇ ਲਿਆਂਦੀ ਗਈ ਸੀ। ਸਰਕਾਰੀ ਖ਼ਜ਼ਾਨੇ ਵਿੱਚੋਂ 108 ਕਰੋੜ ਰੁਪਏ ਦਾ ਲਾਭ ਲਿਆ ਗਿਆ। ਇਹ ਹੀ ਪੈਸਾ ਵਾਪਸ ਲੈਕੇ ਆਵਾਂਗੇ।

ਅਸੀਂ ਚੋਰੀਆਂ ਬੰਦ ਕਰ ਦਿੱਤੀਆਂ: ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਅਸੀਂ ਚੋਰੀਆਂ ਬੰਦ ਕਰ ਦਿੱਤੀਆਂ ਹਨ। ਅਸੀਂ ਇਹ ਨਹੀਂ ਕਹਿੰਦੇ ਕਿ ਖਜ਼ਾਨਾ ਖਾਲੀ ਹੈ। ਦਿੱਲੀ ਵਿੱਚ ਸਾਨੂੰ ਤੰਗ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਰਾਜਪਾਲ ਸਾਨੂੰ ਤੰਗ ਕਰ ਰਹੇ ਹਨ ਪਰ ਅਸੀਂ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਦੀਆਂ 13 ਸੀਟਾਂ ਦਿਓ। ਇਹ 13 ਸੀਟਾਂ ਭਗਵੰਤ ਮਾਨ ਦੇ 13 ਹੱਥ ਬਣਨਗੀਆਂ। ਪਹਿਲਾਂ ਭਗਵੰਤ ਮਾਨ ਇਕੱਲਾ ਲੜਦਾ ਸੀ, ਫਿਰ ਤੁਹਾਡੇ ਨਾਲ ਮਿਲ ਕੇ ਲੜੇਗਾ।

ਵਿਦਿਆਰਥੀਆਂ ਵਿੱਚ ਵਧਿਆ ਆਤਮਵਿਸ਼ਵਾਸ: ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਇਸ ਸਕੂਲ ਨੂੰ ਪ੍ਰਾਈਵੇਟ ਸੈਕਟਰ ਵਿੱਚ ਰੱਖਿਆ ਜਾਂਦਾ ਤਾਂ ਇਸਦੀ ਫੀਸ 10 ਤੋਂ 15 ਹਜ਼ਾਰ ਰੁਪਏ ਹੋਣੀ ਸੀ। ਇਸ ਸਕੂਲ ਵਿੱਚ ਮਜ਼ਦੂਰਾਂ, ਰਿਕਸ਼ਾ ਚਾਲਕਾਂ ਅਤੇ ਪਲੰਬਰਾਂ ਦੇ ਬੱਚੇ ਪੜ੍ਹਣਗੇ। ਸਰਕਾਰੀ ਸਕੂਲਾਂ ਦੀ ਹਾਲਤ ਵਿੱਚ ਸੁਧਾਰ ਤੋਂ ਬਾਅਦ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਵਧ ਰਿਹਾ ਹੈ। ਉਹ ਖੁੱਲ੍ਹ ਕੇ ਕਹਿ ਰਹੇ ਹਨ ਕਿ ਉਹ ਡਾਕਟਰ ਤੇ ਇੰਜੀਨੀਅਰ ਬਣਨਾ ਚਾਹੁੰਦੇ ਹਨ।

ਪੰਜਾਬ 'ਚ ਦੋ-ਦੋ ਮੁੱਖ ਮੰਤਰੀ ਕਰ ਰਹੇ ਸੁਧਾਰ ਦੀ ਕੋਸ਼ਿਸ਼: ਬੱਚੇ ਹੁਣ ਸੁਪਨੇ ਦੇਖਣ ਲੱਗ ਪਏ ਹਨ। ਬੱਚਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਬੱਚਿਆਂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਅਜਿਹਾ ਕੋਈ ਸਕੂਲ ਨਹੀਂ ਹੈ ਜੋ ਇੰਨਾ ਵਧੀਆ ਬਣਾਇਆ ਗਿਆ ਹੋਵੇ। ਕੇਜਰੀਵਾਲ ਨੇ ਕਿਹਾ ਕਿ ਉਹ ਹਰ ਹਫ਼ਤੇ ਪੰਜਾਬ ਆਉਂਦੇ ਹਨ। ਪੰਜਾਬ ਵਿੱਚ ਦੋ-ਦੋ ਮੁੱਖ ਮੰਤਰੀ ਸਕੂਲਾਂ ਦਾ ਦੌਰਾ ਕਰਕੇ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੋ-ਦੋ ਮੁੱਖ ਮੰਤਰੀ ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਕੇ ਸਿਹਤ ਸਹੂਲਤਾਂ ਵਿੱਚ ਸੁਧਾਰ ਕਰਨ ਵਿੱਚ ਰੁੱਝੇ ਹੋਏ ਹਨ। ਸਿੱਖਿਆ ਰਾਹੀਂ ਹੀ ਅਸੀਂ ਦੇਸ਼ ਵਿੱਚੋਂ ਗਰੀਬੀ ਦੂਰ ਕਰ ਸਕਦੇ ਹਾਂ। ਹੁਣ ਪੰਜਾਬ ਦੇ ਹਰ ਕੋਨੇ ਵਿੱਚ ਮੁਹੱਲਾ ਕਲੀਨਿਕ ਹਨ।

ਦਾਖਲਾ ਮੁਹਿੰਮ ਦੀ ਹੋ ਚੁੱਕੀ ਸ਼ੁਰੂਆਤ: ਸੈਸ਼ਨ 2024 - 25 ਦੇ ਲਈ ਇਸ ਸਕੂਲ ਦੇ ਵਿੱਚ ਦਾਖਲਾ ਵੀ ਸ਼ੁਰੂ ਹੋ ਗਿਆ ਹੈ ਅਤੇ ਆਨਲਾਈਨ ਫਾਰਮ ਵੀ ਆ ਗਏ ਹਨ। ਇਸ ਸਕੂਲ ਵਿੱਚ ਸਰਕਾਰੀ ਸਕੂਲ ਇੰਦਰਾਪੁਰੀ ਨੂੰ ਨਹੀਂ ਸ਼ਿਫਟ ਕੀਤਾ ਜਾ ਰਿਹਾ ਹੈ। ਫਿਲਹਾਲ ਤਾਜਪੁਰ ਰੋਡ 'ਚ ਡਬਲ ਸ਼ਿਫਟ ਵਿੱਚ ਇਹ ਸਕੂਲ ਚਲਾਇਆ ਜਾ ਰਿਹਾ ਹੈ। ਸਕੂਲ ਅੱਠਵੀਂ ਤੋਂ ਲੈ ਕੇ ਬਾਰਵੀਂ ਤੱਕ ਹੈ ਜਿਸ ਵਿੱਚ ਕੁੱਲ 1341 ਵਿਦਿਆਰਥੀ ਪੜ੍ਹਦੇ ਹਨ। ਇਨ੍ਹਾਂ ਸਾਰੇ ਹੀ ਵਿਦਿਆਰਥੀਆਂ ਨੂੰ ਇਸ ਸਕੂਲ ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ। ਫਿਲਹਾਲ ਜਿਸ ਸਕੂਲ ਵਿੱਚ ਪੜ੍ਹਾਇਆ ਜਾ ਰਿਹਾ ਹੈ ਉੱਥੇ ਸੁਵਿਧਾਵਾਂ ਘੱਟ ਸਨ ਅਤੇ ਖੇਡ ਗਰਾਊਂਡ ਵੀ ਨਹੀਂ ਸਨ।

ਦਾਖਲਾ ਲੈਣ ਲਈ ਕਤਾਰਾਂ:ਜਿੱਥੇ ਇੱਕ ਪਾਸੇ ਲਗਾਤਾਰ ਇਸ ਸਕੂਲ ਵਿੱਚ ਵਿਦਿਆਰਥੀ ਦਾਖਲਾ ਲੈਣ ਲਈ ਆਪਣਾ ਰੁਝਾਨ ਵਿਖਾ ਰਹੇ ਹਨ, ਉੱਥੇ ਹੀ ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਅਜਿਹਾ ਸਰਕਾਰੀ ਸਕੂਲ ਉਨ੍ਹਾਂ ਨੇ ਪਹਿਲਾਂ ਨਹੀਂ ਦੇਖਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਕੂਲ ਦਾ ਨਿਰਮਾਣ ਕਰਕੇ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੁਵਿਧਾਵਾਂ ਦੇ ਨਾਲ ਉਨ੍ਹਾਂ ਨੇ ਪ੍ਰਾਈਵੇਟ ਸਕੂਲ ਤਾਂ ਦੇਖੇ ਹਨ, ਪਰ ਸਰਕਾਰੀ ਸਕੂਲ ਨਹੀਂ ਵੇਖਿਆ ਸੀ। ਉੱਥੇ ਹੀ ਵਿਦਿਆਰਥੀਆਂ ਨੇ ਵੀ ਸਕੂਲ ਦੀ ਇਮਾਰਤ ਅਤੇ ਸਕੂਲ ਦੇ ਵਿੱਚ ਸੁਵਿਧਾਵਾਂ ਨੂੰ ਲੈ ਕੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਅਜਿਹਾ ਸਕੂਲ ਖੁੱਲਿਆ ਹੈ। ਇਸ ਕਰਕੇ ਉਹ ਇਸ ਸਕੂਲ ਵਿੱਚ ਦਾਖਲਾ ਕਰਵਾਉਣ ਲਈ ਪਹੁੰਚੇ ਹਨ।

ABOUT THE AUTHOR

...view details