ਚੰਡੀਗੜ੍ਹ :ਚੰਡੀਗੜ੍ਹ ਬਲਾਸਟ ਮਾਮਲੇ 'ਚ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਪੁਲਿਸ ਨੇ ਸੈਕਟਰ ਦੱਸ ਵਿੱਚ ਬੰਬ ਧਮਾਕੇ ਨੂੰ ਅੰਜਾਮ ਦੇਣ ਵਾਲੇ ਦੂਜੇ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ ਹੈ। ਉਕਤ ਮੁਲਜ਼ਮ ਵਿਸ਼ਾਲ ਹੈ, ਜੋ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ। ਇਸ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਅਧਿਕਾਰਿਕ ਸੋਸ਼ਲ ਮੀਡੀਆ ਅਕਾਊਂਟ ਐਕਸ (ਟਵਿੱਟਰ) ਉੱਤੇ ਜਾਣਕਾਰੀ ਦਿੱਤੀ ਹੈ ਉਹਨਾਂ ਕਿਹਾ ਕਿ ਮਾਮਲੇ ਦੇ 72 ਘੰਟਿਆਂ ਵਿੱਚ ਹੀ ਪੁਲਿਸ ਨੇ ਮਾਮਲੇ ਨੂੰ ਸੁਲਝਾਉਂਦੇ ਹੋਏ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਧਮਾਕੇ ਦੇ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।
ਦਿੱਲੀ ਤੋਂ ਕਾਬੂ ਕੀਤਾ ਮੁਲਜ਼ਮ ਵਿਸ਼ਾਲ ਮਸੀਹ
ਡੀਜੀਪੀ ਨੇ ਲਿਖਿਆ ਕਿ 11.09.2024 ਨੂੰ, ਦੋ ਸ਼ੱਕੀਆਂ ਨੇ ਸੈਕਟਰ 10, ਚੰਡੀਗੜ੍ਹ ਵਿੱਚ ਗ੍ਰੇਨੇਡ ਧਮਾਕਾ ਕੀਤਾ ਸੀ। ਪੰਜਾਬ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ 13.09.2024 ਨੂੰ ਇੱਕ ਦੋਸ਼ੀ ਰੋਹਨ ਮਸੀਹ ਨੂੰ ਕਾਬੂ ਕਰ ਲਿਆ ਸੀ ਅਤੇ ਵੱਖ-ਵੱਖ ਸਰੋਤਾਂ ਤੋਂ ਮਿਲੇ ਸੁਰਾਗ ਦੇ ਆਧਾਰ 'ਤੇ ਦੂਜੇ ਦੋਸ਼ੀ ਵਿਸ਼ਾਲ ਮਸੀਹ ਪੁੱਤਰ ਸਾਬੀ ਮਸੀਹ ਵਾਸੀ ਪਿੰਡ ਰਾਇਮਲ ਨੇੜੇ ਧਿਆਨਪੁਰ PS ਕੋਟਲੀ ਸੂਰਤ ਮੱਲੀਆਂ, ਬਟਾਲਾ ਗੁਰਦਾਸਪੁਰ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
11 ਸਤੰਬਰ ਨੂੰ ਹੋਇਆ ਬੰਬ ਧਮਾਕਾ
ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਚੰਡੀਗੜ੍ਹ ਗ੍ਰੇਨੇਡ ਧਮਾਕੇ ਦੇ ਸ਼ੱਕੀ ਮੁੱਖ ਦੋਸ਼ੀ ਰੋਹਨ ਮਸੀਹ ਨੂੰ ਉਸ ਘਟਨਾ ਤੋਂ ਇਕ ਦਿਨ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਵਿਚ ਸ਼ਹਿਰ ਦੇ ਉੱਚੇ ਸੈਕਟਰ 10 ਵਿੱਚ ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਦੇ ਘਰ ਗ੍ਰਨੇਡ ਸੁੱਟਿਆ ਗਿਆ ਸੀ। ਗ੍ਰੇਨੇਡ ਨਾਲ ਹਮਲਾ 11 ਸਤੰਬਰ ਦੀ ਸ਼ਾਮ 5.30 ਵਜੇ ਦੇ ਕਰੀਬ ਹੋਇਆ ਸੀ ਅਤੇ ਧਮਾਕੇ ਦੇ ਦੌਰਾਨ ਘਰ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਅਤੇ ਹੋਰ ਸਮਾਨ ਦੇ ਚਿੱਥੜੇ ਉਡ ਗਏ ਸਨ। ਇਸ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਮੁਲਜ਼ਮ ਆਟੋ ਵਿੱਚ ਭੱਜਦੇ ਨਜ਼ਰ ਆ ਰਹੇ ਹਨ। ਪੌਸ਼ ਇਲਾਕੇ ‘ਚ ਹੈਂਡ ਗ੍ਰਨੇਡ ਨਾਲ ਹਮਲੇ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਸੀ। ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਆਟੋ ਚਾਲਕ ਨੂੰ ਵੀ ਕਾਬੂ ਕਰ ਲਿਆ ਸੀ।
ਖਾਲਿਸਤਾਨੀ ਸਮਰਥਕ ਰਿੰਦਾ ਨਾਲ ਜੁੜੇ ਤਾਰ
ਇਥੇ ਦੱਸਣਯੋਗ ਹੈ ਕਿ ਚੰਡੀਗੜ੍ਹ ਦੇ ਸੈਕਟਰ ਦੱਸ ਵਿੱਚ ਬੰਬ ਧਮਾਕੇ ਦੇ ਤਾਰ ਅਮਰੀਕਾ ਅਤੇ ਪਾਕਿਸਤਾਨ ਨਾਲ ਜੁੜੇ ਹਨ। ਜਿਥੇ ਪਕਿਸਤਾਨ 'ਚ ਬੈਠੇ ਹਰਵਿੰਦਰ ਰਿੰਦਾ ਨਾਲ ਹਨ, ਰਿੰਦਾ ਨੇ ਹੀ ਪਾਕਿਸਤਾਨ ਦੀ ISI ਦੇ ਨਿਰਦੇਸ਼ਾਂ ਦੇ ਇਸ਼ਾਰੇ 'ਤੇ ਇਸ ਬੰਬ ਧਮਾਕੇ ਨੂੰ ਅੰਜਾਮ ਦਿੱਤਾ ਹੈ। ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮਾਮਲੇ ਸਬੰਧੀ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜਿਨਾਂ ਵਿੱਚ ਰੋਹਨ ਮਸੀਹ ਅਤੇ ਉਸਦਾ ਇੱਕ ਸਾਥੀ ਵਿਸ਼ਾਲ ਸ਼ਾਮਲ ਹੈ ਅਤੇ ਇਹਨਾਂ ਨੇ ਯੁਐਸ ਦੇ ਰਹਿਣ ਵਾਲੇ ਹੈਪੀ ਪਸ਼ੀਆ ਦੇ ਇਸ਼ਾਰੇ 'ਤੇ ਇਹ ਯੋਜਨਾ ਬਣਾਈ ਅਤੇ ਅੱਗੇ ਇਸ ਧਮਾਕੇ ਨੂੰ ਕਰਵਾਇਆ ਗਿਆ ਜਿਸ ਦਾ ਮਾਸਟਰ ਮਾਈਂਡ ਰਿੰਦਾ ਹੈ।
ਜੰਮੂ ਕਸ਼ਮੀਰ ਭਜਣ ਵਾਲੇ ਸਨ ਮੁਲਜ਼ਮ
ਮਿਲੀ ਜਾਣਕਾਰੀ ਮੁਤਾਬਕ ਹਮਲਾਵਰ ਰੋਹਨ ਮਸੀਹ ਨੇ ਦੱਸਿਆ ਕਿ ਉਸ ਨੂੰ ਵਿਦੇਸ਼ ਤੋਂ 5 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਪਰ ਹੁਣ ਤੱਕ ਉਸ ਨੂੰ ਕਰੀਬ 20 ਹਜ਼ਾਰ ਰੁਪਏ ਹੀ ਮਿਲੇ ਹਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਜੰਮੂ-ਕਸ਼ਮੀਰ ਜਾਣਾ ਚਾਹੁੰਦਾ ਸੀ ਤਾਂ ਜੋ ਉਹ ਚੰਡੀਗੜ੍ਹ, ਪੰਜਾਬ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਤੋਂ ਬਚ ਸਕੇ।