ਰੂਪਨਗਰ: ਤੇਜੀ ਨਾਲ ਬਦਲ ਰਹੇ ਜੁਗ ਨੂੰ ਲੈ ਕੇ ਜਿੱਥੇ ਸਭ ਕੁੱਝ ਹਾਈ ਟੈਕ ਹੋ ਰਿਹਾ ਹੈ, ਉਥੇ ਹੀ ਸ਼ਹਿਰਾਂ ਨੂੰ ਵੀ ਤੀਸਰੀ ਅੱਖ ਦੇ ਅਧੀਨ ਲਿਆਂਦਾ ਜਾ ਰਿਹਾ ਹੈ ਤਾਂ ਕਿ ਸ਼ਹਿਰਾਂ ਵਿੱਚ ਅਪਰਾਧਿਕ ਘਟਨਾਵਾਂ ਤੇ ਸ਼ਰਾਰਤੀ ਅਨਸਰਾਂ ਤੇ ਨੱਥ ਪਾਈ ਜਾ ਸਕੇ। ਨੰਗਲ ਸ਼ਹਿਰ ਦੀ ਗੱਲ ਕਰੀਏ ਤਾਂ ਨੰਗਲ ਸ਼ਹਿਰ ਦੀ ਬਹੁ ਕਰੋੜੀ ਨੰਗਲ ਨਗਰ ਕੌਂਸਲ ਜਿਹੜੀ ਕਿ ਪੰਜਾਬ ਦੀ ਨੰਬਰ ਵਨ ਨਗਰ ਕੌਂਸਲ ਹੈ, ਅੱਜ ਕੱਲ ਸੋਸ਼ਲ ਮੀਡੀਆ ਤੇ ਖ਼ੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦਈਏ ਕਿ ਨੰਗਰ ਨਗਰ ਕੌਂਸਲ ਨੇ ਸ਼ਹਿਰ ਦੇ ਚੌਰਾਹਿਆਂ, ਮੁੱਖ ਬਜ਼ਾਰ ਖੇਤਰਾਂ, ਭੀੜ-ਭੜੱਕੇ ਵਾਲੇ ਇਲਾਕਿਆਂ ਅਤੇ ਮੁੱਖ ਸੜਕਾਂ ’ਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰੇ ਲਗਵਾਉਣ ਲਈ ਕਰੀਬ 50 ਲੱਖ ਰੁਪਏ ਦਾ ਵੱਡਾ ਫੰਡ ਖਰਚ ਕੀਤਾ ਹੈ। ਜਿਸਦੇ ਤਹਿਤ 137 ਸੀਸੀਟੀਵੀ ਕੈਮਰੇ ਸ਼ਹਿਰ ਵਿੱਚ ਲਗਾਏ ਗਏ ਤਾਂ ਕਿ ਸ਼ਹਿਰ ਨੂੰ ਤੀਸਰੀ ਅੱਖ ਦੇ ਅਧੀਨ ਲਿਆਂਦਾ ਜਾ ਸਕੇ ਅਤੇ ਸ਼ਹਿਰ ਨੂੰ ਅਪਰਾਧਿਕ ਘਟਨਾਵਾਂ ਤੋਂ ਬਚਾਇਆ ਜਾ ਸਕੇ, ਪਰ ਨੰਗਲ ਨਗਰ ਕੌਂਸਲ ਵੱਲੋਂ ਲਗਭਗ 50 ਲੱਖ ਦੇ ਕਰੀਬ ਬਜਟ ਖ਼ਰਚ ਕਰਕੇ ਲਗਾਏ ਗਏ ਕੈਮਰੇ ਅੱਜ ਕੱਲ ਸਫ਼ੇਦ ਹਾਥੀ ਬਣ ਕੇ ਰਹਿ ਗਏ ਹਨ। ਸ਼ਹਿਰ ਦੇ ਚੌਰਾਹਿਆਂ, ਮੁੱਖ ਬਜ਼ਾਰ ਖੇਤਰਾਂ, ਭੀੜ-ਭੜੱਕੇ ਵਾਲੇ ਇਲਾਕਿਆਂ ਅਤੇ ਮੁੱਖ ਸੜਕਾਂ ’ਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰੇ ਸਿਰਫ ਸੋ ਪੀਸ ਬਣ ਗਏ ਹਨ।
ਹਿੰਦੂ ਨੇਤਾ ਦੀ ਮੌਤ ਤੋਂ ਬਾਅਦ ਹੋਇਆ ਖੁਲਾਸਾ: ਜਾਣਕਾਰੀ ਅਨੁਸਾਰ ਇਹਨਾਂ ਕੈਮਰਿਆਂ ਦਾ ਲਿੰਕ ਨੰਗਲ ਪੁਲਿਸ ਥਾਣੇ ਵਿੱਚ ਬਣਾਏ ਗਏ ਕੰਟਰੋਲ ਰੂਮ ਦੇ ਨਾਲ ਟੁੱਟ ਗਿਆ ਤੇ ਕੈਮਰੇ ਬੰਦ ਹੋ ਗਏ। ਇਹਨਾਂ ਕੈਮਰਿਆਂ ਨੂੰ ਲੈ ਕੇ ਹਾਲਾਂਕਿ ਪੱਤਰਕਾਰਾਂ ਵੱਲੋਂ ਕਈ ਵਾਰ ਨੰਗਲ ਨਗਰ ਕੌਂਸਲ ਅਤੇ ਅਧਿਕਾਰੀਆਂ ਤੋਂ ਸਵਾਲ ਪੁੱਛੇ ਗਏ, ਪਰ ਸਾਵਲਾਂ ਨੂੰ ਹਮੇਸ਼ਾਂ ਨਜ਼ਰਅੰਦਾਜ਼ ਕੀਤਾ ਗਿਆ ਅਤੇ ਸਥਿਤੀ ਜਿਉਂ ਦੀ ਤਿਉਂ ਬਣੀ ਰਹੀ। ਹੁਣ ਇਹਨਾਂ ਲਗਾਏ ਗਏ ਕੈਮਰਿਆ ਵੱਲ ਧਿਆਨ ਸਭ ਦਾ ਉਦੋਂ ਖਿੱਚਿਆ ਗਿਆ ਜਦੋਂ ਨੰਗਲ ਸ਼ਹਿਰ ਵਿੱਚ ਲਗਾਤਾਰ ਲੁੱਟਾ ਖੋਆ ਦੀਆਂ ਵਾਰਦਾਤਾਂ ਵਧਣੀਆਂ ਸ਼ੁਰੂ ਹੋ ਗਈਆਂ ਤੇ ਅਪਰਾਧਿਕ ਅਨਸਰ ਨੂੰ ਕਾਬੂ ਕਰਨ ਵਿੱਚ ਪੁਲਿਸ ਨਾਕਾਮ ਸਾਬਤ ਹੋਣ ਲਈ। ਹੱਦ ਤਾਂ ਉਦੋਂ ਹੋ ਗਈ ਜਦੋਂ ਹਿੰਦੂ ਨੇਤਾ ਦੀ ਮੌਤ ਕਰਨ ਵਾਲੇ ਅਪਰਾਧੀ ਫਰਾਰ ਹੋ ਗਏ ਤੇ ਨੰਗਲ ਨਗਰ ਕੌਂਸਲ ਦੇ ਕੈਮਰੇ ਬੰਦ ਪਾਏ ਗਏ। ਪੁਲਿਸ ਨੂੰ ਦੁਕਾਨਾਂ ਦੇ ਬਾਹਰ ਲਗਾਏ ਕੈਮਰਿਆਂ ਨੂੰ ਖੰਗਾਲਣਾ ਪਿਆ ਤੇ ਇਸ ਹਾਈਟੈਕ ਕੇਸ ਨੂੰ ਹੱਲ ਕਰਨ 'ਚ ਸਫਲਤਾ ਮਿਲੀ। ਇਸ ਮੌਕੇ ਲੋਕਾਂ ਦਾ ਕਹਿਣ ਹੈ ਕਿ ਜੇਕਰ ਇਹ ਲਗਾਏ ਗਏ ਕੈਮਰੇ ਅੱਜ ਚਲਦੇ ਹੁੰਦੇ ਤਾਂ ਅਪਰਾਧਿਕ ਘਟਨਾਵਾਂ ਤੇ ਨੱਥ ਪੈ ਸਕਦੀ ਸੀ ਤੇ ਅਪਰਾਧ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਵੀ ਇਹਨਾਂ ਤੋਂ ਡਰਦੇ ਤੇ ਅਪਰਾਧੀ ਘਟਨਾਵਾਂ ਘੱਟਦੀਆਂ।