ਦਰਬਾਰ ਸਾਹਿਬ ਪਹੁੰਚੇ ਲਾਲਜੀਤ ਭੁੱਲਰ ਦਾ ਹੋਇਆ ਤਿੱਖਾ ਵਿਰੋਧ ਅੰਮ੍ਰਿਤਸਰ :ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਵੱਲੋਂ ਇੱਕ ਰੈਲੀ ਦੌਰਾਨ ਸਵਰਨਕਾਰ ਬਰਾਦਰੀ ਤੇ ਰਾਮਗੜੀਆ ਬਰਾਦਰੀ ਤੇ ਵੀ ਟਿੱਪਣੀ ਕੀਤੀ ਗਈ ਸੀ, ਜਿਸ ਨੂੰ ਲੈ ਕੇ ਸਵਰਨਕਰ ਬਿਰਾਦਰੀ ਅਤੇ ਰਾਮਗੜੀਆ ਬਿਰਾਦਰੀ ਵਿੱਚ ਲਾਲਜੀਤ ਸਿੰਘ ਭੁੱਲਰ ਨੂੰ ਲੈ ਕੇ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਸੀ। ਜਿਸ ਦੇ ਚਲਦੇ ਅੱਜ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਉਹਨਾਂ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੀ ਭੁੱਲ ਬਖਸ਼ਾਈ ਅਤੇ ਦਰਬਾਰ ਸਾਹਿਬ ਦੇ ਵਿੱਚ ਲੰਗਰ ਹਾਲ ਵਿਖੇ ਜਾ ਕੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਕੀਤੀ ਅਤੇ ਜੋੜਾ ਘਰ ਵਿੱਚ ਜਾ ਕੇ ਬੂਟ ਸਾਫ ਕਰਨ ਦੀ ਸੇਵਾ ਕੀਤੀ ਗਈ।
"ਪੰਜਾਬ ਵਿੱਚ ਚਿੱਟਾ ਬੰਦ ਕਰ ਦਿਓ।": ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਤਾਂ ਪਰਿਕਰਮਾ ਚ ਸਥਿਤ ਸੰਗਤਾਂ ਵਿੱਚ ਸ਼ਾਮਲ ਕੁਝ ਨੌਜਵਾਨਾਂ ਵੱਲੋਂ ਲਾਲਜੀਤ ਸਿੰਘ ਭੁੱਲਰ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਲਿਆ। ਨੌਜਵਾਨ ਲਾਲਜੀਤ ਸਿੰਘ ਭੁੱਲਰ ਨੂੰ ਕਹਿੰਦੇ ਰਹੇ ਸਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪੰਜਾਬ ਦਾ ਸਿਰਫ ਇੱਕ ਕੰਮ ਹੀ ਕਰ ਦਿਓ ਕਿ "ਪੰਜਾਬ ਵਿੱਚ ਚਿੱਟਾ ਬੰਦ ਕਰ ਦਿਓ।" ਲਾਲਜੀਤ ਸਿੰਘ ਭੁੱਲਰ ਨੌਜਵਾਨਾਂ ਦਾ ਕਿਸੇ ਵੀ ਸਵਾਲ ਦਾ ਜਵਾਬ ਨਾ ਦਿੰਦੇ ਹੋਏ ਅੱਗੇ ਵੱਧਦੇ ਗਏ ਅਤੇ ਨੌਜਵਾਨ ਆਪਣੀ ਆਵਾਜ਼ ਨੂੰ ਹੋਰ ਬੁਲੰਦ ਕਰਦੇ ਰਹੇ।
ਅੱਜ ਦਾ ਦਿਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਸਮਰਪਿਤ:ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੇ ਦਿਨੀ ਰੈਲੀ ਦੌਰਾਨ ਗਲਤੀ ਦੇ ਨਾਲ ਰਾਮਗੜੀਆ ਅਤੇ ਸਵਰਨਕਾਰ ਬਰਾਦਰੀ ਤੇ ਜੋ ਟਿੱਪਣੀ ਉਹਨਾਂ ਤੋਂ ਹੋਈ ਹੈ, ਉਸ ਦੀ ਭੁੱਲ ਬਖਸ਼ਾਉਣ ਦੇ ਲਈ ਉਹ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ ਅਤੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਉਹਨਾਂ ਵੱਲੋਂ ਅੱਜ ਸਾਰਾ ਦਿਨ ਦਰਬਾਰ ਸਾਹਿਬ ਵਿੱਚ ਸੇਵਾ ਕੀਤੀ ਜਾਵੇਗੀ । ਉਹਨਾਂ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਇੱਕ ਨੌਜਵਾਨ ਵੱਲੋਂ ਨਸ਼ੇ ਦੇ ਮੁੱਦੇ ਤੇ ਸਵਾਲ ਕੀਤੇ ਗਏ, ਉਸ ਨੇ ਕਿਸੇ ਵੀ ਤਰੀਕੇ ਦਾ ਮੇਰਾ ਵਿਰੋਧ ਨਹੀਂ ਕੀਤਾ। ਸਿਰਫ ਨਸ਼ਾ ਖਤਮ ਕਰਨ ਲਈ ਅਪੀਲ ਕੀਤੀ ਹੈ ਅਤੇ ਨਸ਼ਾ ਖਤਮ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਹੀ ਪੁਰਜੋਰ ਕੋਸ਼ਿਸ਼ਾਂ ਕਰ ਰਹੇ ਹਨ । ਜਲਦ ਹੀ ਪੰਜਾਬ ਚੋਂ ਨਸ਼ਾ ਖਤਮ ਵੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮਾਹੌਲ ਦੇ ਦੌਰਾਨ ਅੱਜ ਦਾ ਦਿਨ ਉਹਨਾਂ ਨੇ ਆਪਣਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਸਮਰਪਿਤ ਕੀਤਾ ਤੇ ਅੱਜ ਸਾਰਾ ਦਿਨ ਉਹ ਦਰਬਾਰ ਸਾਹਿਬ ਵਿੱਚ ਸੇਵਾ ਕਰਨਗੇ।
ਹੁਣ ਵੇਖਣਾ ਹੋਵੇਗਾ ਕਿ ਲੋਕ ਸਭਾ ਚੋਣਾਂ ਦੌਰਾਨ ਲਾਲਜੀਤ ਸਿੰਘ ਭੁੱਲਰ ਵੱਲੋੋਂ ਸਵਰਨਕਾਰ ਬਰਾਦਰੀ ਤੇ ਰਾਮਗੜੀਆ ਬਰਾਦਰੀ ਤੋਂ ਮੰਗੀ ਮੁਆਫ਼ੀ ਨੂੰ ਲੋਕ ਸਵਿਕਾਰ ਕਰਦੇ ਹਨ ਜਾਂ ਫਿਰ ਵਿਰੋਧ ਏਸੇ ਤਰ੍ਹਾਂ ਜਾਰੀ ਰਹੇਗਾ, ਪਰ ਨਸ਼ੇ ਦੇ ਮੁੱਦੇ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੂੰ ਆਮ ਲੋਕ ਘੇਰਦੇ ਹੋਏ ਨਜ਼ਰ ਆ ਰਹੇ ਹਨ।