ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹੁਣ ਹਿੰਦੂ ਚਿਹਰੇ ਨੂੰ ਅੱਗੇ ਲਿਆਉਂਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਪਾਰਟੀ ਪ੍ਰਧਾਨ ਲਗਾਇਆ ਹੈ। ਇਸ ਤੋਂ ਇਲਾਵਾ ਵਿਧਾਇਕ ਅਮਨ ਸਿੰਘ ਸ਼ੈਰੀ ਕਲਸੀ ਨੂੰ ਵੀ ਪਾਰਟੀ ਦਾ ਉੱਪ-ਪ੍ਰਧਾਨ ਥਾਪਿਆ ਗਿਆ ਹੈ। ਮੁੱਖ ਮੰਤਰੀ ਪੰਜਾਬ ਨੇ ਖੁੱਦ ਸੋਸ਼ਲ ਮੀਡੀਆ ਉੱਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
ਅੱਜ ਮੈਂ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਆਪਣੇ ਦੋ ਕਰੀਬੀ ਸਾਥੀ ਕੈਬਿਨੇਟ ਮੰਤਰੀ ਅਮਨ ਅਰੋੜਾ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਸੌਂਪ ਦਿੱਤੀ ਹੈ। ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਅਮਨ ਅਰੋੜਾ ਪਾਰਟੀ ਪ੍ਰਧਾਨ ਅਤੇ ਸ਼ੈਰੀ ਕਲਸੀ ਉੱਪ ਪ੍ਰਧਾਨ ਦੇ ਤੌਰ 'ਤੇ ਕੰਮ ਕਰਨਗੇ। ਮੈਨੂੰ ਆਪਣੇ ਦੋਵਾਂ ਸਾਥੀਆਂ 'ਤੇ ਪੂਰਾ ਭਰੋਸਾ ਹੈ ਕਿ ਉਹ ਆਉਣ ਵਾਲੇ ਸਮੇਂ 'ਚ ਪਾਰਟੀ ਅਤੇ ਸੰਗਠਨ ਨੂੰ ਪੰਜਾਬ 'ਚ ਹੋਰ ਮਜ਼ਬੂਤ ਕਰਨਗੇ ਅਤੇ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਣਗੇ।..ਭਗਵੰਤ ਮਾਨ,ਮੁੱਖ ਮੰਤਰੀ
ਅਮਨ ਅਰੋੜਾ ਨੇ ਕੀਤਾ ਸੀਐੱਮ ਦਾ ਧੰਨਵਾਦ
ਪਾਰਟੀ ਪ੍ਰਧਾਨ ਦੇ ਅਹੁਦੇ ਉੱਤੇ ਬਿਰਾਜਮਾਨ ਹੋਣ ਤੋਂ ਬਾਅਦ ਅਮਨ ਅਰੋੜਾ ਨੇ ਆਖਿਆ ਕਿ ਉਨ੍ਹਾਂ ਦੇ ਨਾਲ ਵਿਧਾਇਕ ਅਮਨ ਸਿੰਘ ਸ਼ੈਰੀ ਕਲਸੀ ਨੂੰ ਵੀ ਪਾਰਟੀ ਦਾ ਉੱਪ ਪ੍ਰਧਾਨ ਥਾਪਿਆ ਗਿਆ ਹੈ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪਾਰਟੀ ਦੇ ਦੋ ਸਭ ਤੋਂ ਨਿਮਾਣੇ ਵਰਕਰਾਂ ਨੂੰ ਬਹੁਤ ਵੱਡਾ ਮਾਣ ਅਤੇ ਜ਼ਿੰਮੇਵਾਰੀ ਸੌਂਪੀ ਹੈ। ਅਮਨ ਅਰੋੜਾ ਨੇ ਕਿਹਾ ਕਿ ਸੀਐੱਮ ਮਾਨ ਨੇ ਖੁੱਦ ਆਪਣਾ ਅਹੁਦਾ ਛੱਡ ਕੇ ਉਨ੍ਹਾਂ ਹਵਾਲੇ ਕੀਤਾ ਹੈ,ਇਸ ਲਈ ਉਹ ਸੀਐੱਮ ਮਾਨ ਦੇ ਧੰਨਵਾਦੀ ਹਨ। ਅਮਨ ਅਰੋੜਾ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅੱਗੇ ਪਹੁੰਚਾਉਣਗੇ ਅਤੇ ਸਭ ਨੂੰ ਨਾਲ ਲੈਕੇ ਚੱਲਦਿਆਂ ਪੰਜਾਬ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ ਉੱਤੇ ਲੈਕੇ ਜਾਣਗੇ।
'ਨਕਾਰਾਮਤਮਕ ਨਹੀਂ ਹੈ ਪਿਛੋਕੜ'
ਨਵੇਂ ਥਾਪੇ ਗਏ ਪ੍ਰਧਾਨ ਅਮਨ ਅਰੋੜਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ ਇਸ ਲਈ ਪਾਰਟੀ ਦਾ ਕੋਈ ਵੀ ਨੈਗੇਟਿਵ ਪਿਛੋਕੜ ਨਹੀਂ ਹੈ। ਸਾਰੇ ਪਾਰਟੀ ਵਰਕਰ ਆਪਸ ਵਿੱਚ ਮਿਲ ਕੇ ਤਰੱਕੀ ਦੀ ਗੱਲ ਕਰਦੇ ਹਨ। ਅਮਨ ਅਰੋੜਾ ਮੁਤਾਬਿਕ ਦੂਜੀਆਂ ਪਾਰਟੀਆਂ ਹਮੇਸ਼ਾ ਭੰਡਣ ਦਾ ਕੰਮ ਕਰਦੀਆਂ ਹਨ ਪਰ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਯਤਨ ਕਰਦੇ ਹਨ।