ਲੁਧਿਆਣਾ: ਖੰਨਾ ਦੇ ਪਿੰਡ ਰਾਮਪੁਰ ਨੇੜੇ ਦੋਰਾਹਾ ਨਹਿਰ ਵਿੱਚ ਕਾਰ ਡਿੱਗਣ ਕਾਰਨ ਸੀਏ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਮਿਤ ਸ਼ਰਮਾ (35) ਵਾਸੀ ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਜੋਂ ਹੋਈ। ਖਬਰ ਮਿਲਣ ਤੱਕ ਗੋਤਾਖੋਰਾਂ ਦੀ ਮਦਦ ਨਾਲ ਕਾਰ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਨਮਿਤ ਸ਼ਰਮਾ ਕਾਰ 'ਚ ਇਕੱਲਾ ਸੀ ਜਾਂ ਉਸ ਦੇ ਨਾਲ ਕੋਈ ਹੋਰ ਸੀ। ਕਾਰ ਨੂੰ ਡੁੱਬਦੀ ਦੇਖ ਕੇ ਰਾਹਗੀਰ ਰੁਕੇ ਅਤੇ ਬਚਾਅ ਕਾਰਜ ਲਈ ਮਦਦ ਮੰਗੀ ਗਈ।
ਰਾਹਗੀਰਾਂ ਵਲੋਂ ਬਚਾਉਣ ਦੀ ਕੋਸ਼ਿਸ਼ :ਚਸ਼ਮਦੀਦ ਜਗਰੂਪ ਸਿੰਘ ਨੇ ਦੱਸਿਆ ਕਿ ਉਹ ਭੈਣੀ ਸਾਹਿਬ ਜਾ ਰਿਹਾ ਸੀ। ਰਸਤੇ ਵਿਚ ਉਸ ਨੇ ਨਹਿਰ ਦੇ ਕੋਲ ਦੋ ਵਿਅਕਤੀਆਂ ਨੂੰ ਰੁਕਦੇ ਦੇਖਿਆ ਅਤੇ ਇਸ ਦੌਰਾਨ ਦੇਖਿਆ ਕਿ ਇਕ ਕਾਰ ਨਹਿਰ ਵਿਚ ਡੁੱਬ ਗਈ ਸੀ। ਕਾਰ ਦੇ ਵਿਚੋਂ ਇੱਕ ਵਿਅਕਤੀ ਬਾਹਰ ਡਿੱਗਿਆ ਅਤੇ ਨਹਿਰ ਵਿੱਚ ਡੁੱਬ ਰਿਹਾ ਸੀ। ਫਿਰ ਉਸ ਨੇ ਉੱਥੇ ਜਾਣ ਵਾਲੇ ਰਾਹਗੀਰਾਂ ਨੂੰ ਰੋਕਿਆ ਅਤੇ ਪੁੱਛਿਆ ਕਿ ਕੀ ਉਹ ਤੈਰਨਾ ਜਾਣਦੇ ਹਨ? ਇਹ ਦੋਵੇਂ ਵਿਅਕਤੀ ਤੈਰਾਕ ਸਨ, ਜਿਨ੍ਹਾਂ ਨੇ ਤੁਰੰਤ ਨਹਿਰ ਵਿੱਚ ਛਾਲ ਮਾਰ ਕੇ ਡੁੱਬ ਰਹੇ ਵਿਅਕਤੀ ਨੂੰ ਬਾਹਰ ਕੱਢਿਆ, ਪਰ ਜਦੋਂ ਤੱਕ ਉਸ ਨੂੰ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਕਾਰ 'ਚ ਕਿੰਨੇ ਲੋਕ ਸਵਾਰ ਸਨ, ਇਹ ਪਤਾ ਨਹੀਂ ਲੱਗ ਸਕਿਆ ਹੈ।