ਚੰਡੀਗੜ੍ਹ:ਲੋਕ ਸਭਾ ਚੋਣਾਂ ਨੂੰ ਲੈਕੇ ਜਿਥੇ ਸਿਆਸੀ ਪਾਰਟੀਆਂ ਪ੍ਰਚਾਰ ਵੀ ਰੁਝ ਗਈਆਂ ਹਨ ਤਾਂ ਉਥੇ ਹੀ ਬਸਪਾ ਵਲੋਂ ਹਾਲੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਬਹੁਜਨ ਸਮਾਜ ਪਾਰਟੀ ਵਲੋਂ ਦੋ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।
ਦੋ ਹੋਰ ਉਮੀਦਵਾਰਾਂ ਦਾ ਐਲਾਨ ਬਾਕੀ: ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਜੀ ਦੇ ਹੁਕਮ ਅਨੁਸਾਰ ਅਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਬਸਪਾ ਦੇ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਇੰਜੀਨੀਅਰ ਸਤਨਾਮ ਸਿੰਘ ਤੁੜ ਅਤੇ ਸ੍ਰੀ ਅੰਮ੍ਰਿਤਸਰ ਤੋਂ ਵਿਸ਼ਾਲ ਸਿੱਧੂ ਜੀ ਉਮੀਦਵਾਰ ਹੋਣਗੇ।
ਸਭ ਤੋਂ ਘੱਟ ਉਮਰ ਦਾ ਉਮੀਦਵਾਰ: ਇਸ ਸਬੰਧੀ ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਖਡੂਰ ਸਾਹਿਬ ਦੇ ਉਮੀਦਵਾਰ ਇੰਜੀਨੀਅਰ ਸਤਨਾਮ ਸਿੰਘ ਤੁੜ ਬੀਟੈਕ ਪੜ੍ਹੇ ਲਿਖੇ 29 ਸਾਲ ਦੇ ਨੌਜਵਾਨ ਉਮੀਦਵਾਰ ਹਨ, ਜੋਕਿ ਅੱਜ ਪੰਜਾਬ ਦੇ ਸਾਰੇ ਰਾਸ਼ਟਰੀ ਪਾਰਟੀਆਂ ਵੱਲੋਂ ਘੋਸ਼ਿਤ ਉਮੀਦਵਾਰਾਂ ਵਿਚੋਂ ਘੱਟ ਉਮਰ ਦੇ ਹਨ। ਇੰਜੀਨੀਅਰ ਸਤਨਾਮ ਸਿੰਘ ਤੁੜ ਪਿਛਲੇ ਢਾਈ ਸਾਲਾਂ ਤੋਂ ਤਰਨ ਤਾਰਨ ਵਿਧਾਨ ਸਭਾ ਦੇ ਹਲਕਾ ਪ੍ਰਧਾਨ ਦੀ ਜਿੰਮੇਵਾਰੀ ਵੀ ਨਿਭਾ ਰਹੇ ਹਨ।
ਸਮਾਜਸੇਵੀ ਹੈ ਅੰਮ੍ਰਿਤਸਰ ਦੇ ਉਮੀਦਵਾਰ: ਇਸੇ ਤਰ੍ਹਾਂ ਅੰਮ੍ਰਿਤਸਰ ਲੋਕ ਸਭਾ ਤੋਂ ਵਿਸ਼ਾਲ ਸਿੱਧੂ ਜਿਨਾਂ ਨੇ 2020 ਵਿੱਚ ਬਸਪਾ ਪਾਰਟੀ ਨੂੰ ਜੁਆਇਨ ਕੀਤਾ ਸੀ ਅਤੇ ਜਿਲ੍ਹਾ ਅਹੁਦੇਦਾਰ ਦੇ ਤੌਰ 'ਤੇ ਵਿਧਾਨ ਸਭਾ ਜੰਡਿਆਲਾ ਤੇ ਵਿਧਾਨ ਸਭਾ ਅਟਾਰੀ ਦੇ ਸੰਗਠਨ ਦੀ ਦੇਖਰੇਖ ਕਰ ਰਹੇ ਸਨ। ਇਸ ਤੋਂ ਪਹਿਲਾਂ ਵਿਸ਼ਾਲ ਸਿੱਧੂ ਭਾਰਤ ਸੰਵਿਧਾਨ ਮਿਸ਼ਨ ਨਾਮ 'ਤੇ ਗੈਰ ਸਰਕਾਰੀ ਸੰਗਠਨ ਚਲਾ ਰਹੇ ਸਨ। ਜਿਸ ਤਹਿਤ ਉਹ ਗਰੀਬ ਵਿਦਿਆਰਥੀਆਂ ਨੂੰ ਕਿਤਾਬਾਂ, ਕਾਪੀਆਂ, ਪੈਨਸਲਾਂ, ਵਰਦੀਆਂ, ਬੂਟ ਆਦਿ ਸਮਾਜ ਦੇ ਕਰਮਚਾਰੀਆਂ ਤੇ ਦਾਨੀਆਂ ਦੇ ਸਹਿਯੋਗ ਨਾਲ ਸੈਂਕੜੇ ਸਕੂਲਾਂ ਵਿੱਚ ਜਾ ਕੇ ਮੁਫਤ ਵੰਡਦੇ ਰਹੇ ਹਨ।
ਚੋਣ ਮੈਦਾਨ 'ਚ ਹੁਣ ਤੱਕ 12 ਉਮੀਦਵਾਰ: ਇਸ ਦੇ ਨਾਲ ਹੀ ਜਸਵੀਰ ਸਿੰਘ ਗੜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਐਲਾਨ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਵੱਲੋਂ 12 ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਹੋ ਚੁੱਕੀ ਹੈ। ਜਿਸ ਵਿੱਚ ਪਹਿਲਾਂ ਘੋਸ਼ਿਤ ਕੀਤੇ ਗਏ 10 ਉਮੀਦਵਾਰਾਂ ਵਿੱਚ ਹੁਸ਼ਿਆਰਪੁਰ ਤੋਂ ਰਕੇਸ਼ ਕੁਮਾਰ ਸੁਮਨ, ਫਿਰੋਜ਼ਪੁਰ ਤੋਂ ਸੁਰਿੰਦਰ ਕੰਬੋਜ, ਸੰਗਰੂਰ ਤੋਂ ਡਾਕਟਰ ਮੱਖਣ ਸਿੰਘ, ਪਟਿਆਲਾ ਤੋਂ ਜਗਜੀਤ ਸਿੰਘ ਛੜਬੜ, ਜਲੰਧਰ ਤੋਂ ਬਲਵਿੰਦਰ ਕੁਮਾਰ, ਫਰੀਦਕੋਟ ਤੋਂ ਗੁਰਬਖਸ਼ ਸਿੰਘ ਚੌਹਾਨ, ਬਠਿੰਡਾ ਤੋਂ ਲਖਵੀਰ ਸਿੰਘ ਨਿੱਕਾ, ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕੁਲਵੰਤ ਸਿੰਘ ਮੈਹਤੋਂ, ਗੁਰਦਾਸਪੁਰ ਤੋਂ ਇੰਜੀਨੀਅਰ ਰਾਜ ਕੁਮਾਰ ਜਨੋਤਰਾ ਅਤੇ ਲੁਧਿਆਣਾ ਤੋਂ ਦਵਿੰਦਰ ਸਿੰਘ ਪਨੇਸਰ ਰਾਮਗੜੀਆ ਪ੍ਰਮੁੱਖ ਹਨ।