ਅੰਮ੍ਰਿਤਸਰ:ਅੱਜ ਸੀਮਾ ਸੁਰੱਖਿਆ ਬਲ (BSF) ਵਲੋਂ ਅੰਮ੍ਰਿਤਸਰ ਵਿੱਚ ਬੋਰਡਰਮੈਨ ਮੈਰਾਥਨ 2025 ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। '#Hand in Hand With Border Population' ਥੀਮ 'ਤੇ ਅਧਾਰਤ ਇਹ ਮੈਰਾਥਨ ਨਾ ਸਿਰਫ਼ ਇੱਕ ਖੇਡ ਸਮਾਗਮ ਹੈ ਸਗੋਂ ਸਰਹੱਦੀ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਅਤੇ ਇੱਕ ਸਿਹਤਮੰਦ ਭਾਰਤ ਦੇ ਨਿਰਮਾਣ ਦੀ ਦਿਸ਼ਾ 'ਚ ਮਹੱਤਵਪੂਰਨ ਪਹਿਲਕਦਮੀ ਵੀ ਹੈ। ਇਸ ਮੌਕੇ ਬੀਐਸਐਫ ਦੇ ਡੀਜੀ ਦਲਜੀਤ ਸਿੰਘ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਸਮਾਗਮ ਵਿੱਚ ਫੁੱਲ ਮੈਰਾਥਨ (42.195 ਕਿਮੀ), ਹਾਫ ਮੈਰਾਥਨ (21.097 ਕਿਮੀ) ਅਤੇ 10 ਕਿਮੀ ਦੌੜ ਜਿਹੀਆਂ ਤਿੰਨ ਮੁੱਖ ਸ਼੍ਰੇਣੀਆਂ ਸ਼ਾਮਲ ਹਨ। ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ 42 ਕਿਲੋਮੀਟਰ ਦੀ ਮੈਰਾਥਨ ਦੌੜ ਦੀ ਸ਼ੁਰੂਆਤ ਕੀਤੀ ਗਈ, ਜੋ ਕਿ ਤਜਰਬੇਕਾਰ ਲੋਕਾਂ ਨੂੰ ਇੱਕ ਵਧੀਆ ਮੰਚ ਪ੍ਰਦਾਨ ਕਰਦੀਆਂ ਹਨ। ਇਹ ਲੋਕ ਸਿਰਫ਼ ਭਾਰਤ ਦੇ ਸਰਹੱਦੀ ਇਲਾਕਿਆਂ ਤੋਂ ਹੀ ਨਹੀਂ ਬਲਕਿ ਦੇਸ਼-ਵਿਦੇਸ਼ ਤੋਂ ਵੀ ਹਨ। ਇਨ੍ਹਾਂ 'ਚ ਅੰਤਰਰਾਸ਼ਟਰੀ ਪੇਸ਼ੇਵਰ ਅਥਲਿਟ ਵੀ ਸ਼ਾਮਲ ਹਨ। ਖੇਡਾਂ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ BSF ਨੇ ਸਾਰੀਆਂ ਸ਼੍ਰੇਣੀਆਂ ਵਿੱਚ ਮਹਿਲਾਵਾਂ ਲਈ ਮੁਫ਼ਤ ਰਜਿਸਟ੍ਰੇਸ਼ਨ ਦਾ ਐਲਾਨ ਕੀਤਾ ਹੈ, ਤਾਂ ਜੋ ਹੋਰ ਮਹਿਲਾਵਾਂ ਵੀ ਇਸ ਵਿੱਚ ਸ਼ਾਮਲ ਹੋ ਸਕਣ।
ਬੀਐਸਐਫ ਦੇ ਡੀਜੀ ਦਲਜੀਤ ਸਿੰਘ ਚੌਧਰੀ ਨੇ ਕਿਹਾ ਕਿ 2022 ਵਿੱਚ ਸ਼ੁਰੂ ਹੋਈ ਇਹ ਸਾਲਾਨਾ ਮੈਰਾਥਨ, ਜੋ ਕਿ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਆਯੋਜਿਤ ਕੀਤੀ ਜਾਂਦੀ ਹੈ, ਹਰ ਸਾਲ ਆਪਣੀ ਵੱਡੀ ਪੱਧਰੀ ਪਹੁੰਚ ਅਤੇ ਮਹੱਤਤਾ ਵਿੱਚ ਵਾਧਾ ਕਰ ਰਹੀ ਹੈ। ਇਸ ਵਾਰ ਮੈਰਾਥਨ ਵਿੱਚ 5200 ਤੋਂ ਵੱਧ ਲੋਕ ਭਾਗ ਲੈ ਰਹੇ ਹਨ, ਜਿਨ੍ਹਾਂ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਪੇਸ਼ੇਵਰ ਅਥਲਿਟ ਵੀ ਸ਼ਾਮਲ ਹਨ, ਜਿਸ ਕਰਕੇ ਇਹ ਖੇਤਰ ਦੇ ਸਭ ਤੋਂ ਵਧੇਰੇ ਉਤਸ਼ਾਹਿਤ ਕਰਦੀਆਂ ਖੇਡ ਇਵੈਂਟਾਂ ਵਿੱਚੋਂ ਇੱਕ ਬਣ ਗਿਆ ਹੈ। ਪੰਜਾਬ ਦੇ ਛੇ ਸਰਹੱਦੀ ਜ਼ਿਲ੍ਹਿਆਂ ਦੇ ਨੌਜਵਾਨਾਂ ਦੀ ਜ਼ਬਰਦਸਤ ਭਾਗੀਦਾਰੀ ਇਸ ਮੈਰਾਥਨ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ।