ਬਰਨਾਲਾ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਹਰਿਆਣਾ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਬਰਨਾਲਾ ਦੀ ਦਾਣਾ ਮੰਡੀ ਤੋਂ ਲੈ ਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਸ਼ਹਿਰ ਦੇ ਕਚਹਿਰੀ ਚੌਂਕ ਵਿੱਚ ਕੇਂਦਰ ਅਤੇ ਹਰਿਆਣਾ ਸਰਕਾਰ ਦੀ ਅਰਥੀ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਵੱਲੋਂ 23 ਸਾਲਾਂ ਸੁਭਕਰਨ ਸਿੰਘ ਵੱਲੋ ਨੂੰ ਗੋਲੀਆਂ ਮਾਰਕੇ ਸ਼ਹੀਦ ਕਰਨ ਦੇ ਇਲਜ਼ਾਮ ਲਗਾਏ ਹਨ।
ਹਰਿਆਣਾ ਸਰਕਾਰ ਦਾ ਡਟ ਕੇ ਵਿਰੋਧ:ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਦਰਜਨਾਂ ਪਿੰਡਾਂ ਵਿੱਚ ਜ਼ਬਰਦਸਤ ਮੁਜ਼ਾਹਰੇ ਕਰਕੇ ਮੋਦੀ- ਅਮਿਤ ਸ਼ਾਹ- ਮਨੋਹਰ ਲਾਲ ਖੱਟਰ ਅਤੇ ਅਨਿੱਲ ਵਿੱਜ ਦੇ ਪੁਤਲੇ ਫੂਕੇ ਗਏ। ਇਨ੍ਹਾਂ ਪੁਤਲੇ ਫੂਕ ਮੁਜ਼ਾਹਰਿਆਂ ਦੀ ਅਗਵਾਈ ਕੁਲਵੰਤ ਸਿੰਘ ਭਦੌੜ, ਸਾਹਿਬ ਸਿੰਘ ਬਡਬਰ, ਹਰਮੰਡਲ ਸਿੰਘ ਜੋਧਪੁਰ, ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਸਿੰਘ ਠੁੱਲੀਵਾਲ ਅਤੇ ਰਾਮ ਸਿੰਘ ਸ਼ਹਿਣਾ ਨੇ ਕੀਤੀ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਰੋਸ:ਇਸ ਮੌਕੇ ਕਿਸਾਨ ਆਗੂਆਂ ਬਲੌਰ ਸਿੰਘ ਛੰਨਾ, ਦਰਸ਼ਨ ਸਿੰਘ ਭੈਣੀ ਅਤੇ ਅਮਰਜੀਤ ਕੌਰ ਨੇ ਕਿਹਾ ਕਿ ਬੀਤੇ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ ਵਿਖੇ ਮੀਟਿੰਗ ਕਰਕੇ ਕਿਸਾਨਾਂ ਉਪਰ ਕੇਂਦਰ ਅਤੇ ਹਰਿਆਣਾਂ ਸਰਕਾਰ ਵਲੋਂ ਕੀਤੇ ਜ਼ਬਰ ਵਿਰੁੱਧ ਅਤੇ ਸ਼ਹੀਦ ਕੀਤੇ ਨੌਜਵਾਨ ਦੇ ਰੋਸ ਵਜੋਂ ਨਵੇਂ ਪ੍ਰੋਗਰਾਮ ਦਿੱਤੇ ਸਨ। ਜਿਸ ਤਹਿਤ ਅੱਜ ਕੇਂਦਰ ਅਤੇ ਹਰਿਆਣਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਐਮਕੇਐਮ ਦੇ ਇਸੇ ਸੱਦੇ ਤਹਿਤ ਅੱਜ ਬਰਨਾਲਾ ਸ਼ਹਿਰ ਵਿੱਚ ਪ੍ਰਧਾਨ ਮੰਤਰੀ, ਹਰਿਆਣਾ ਦੇ ਮੁੱਖ ਮੰਤਰੀ, ਦੋਵੇਂ ਸਰਕਾਰਾਂ ਦੇ ਗ੍ਰਹਿ ਮੰਤਰੀਆਂ ਅਤੇ ਹਰਿਆਣਾ ਸਰਕਾਰ ਵਿਰੁੱਧ ਰੋਸ ਮਾਰਚ ਕੱਢਿਆ ਗਿਆ ਹੈ ਅਤੇ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸ਼ਾਂਤਮਾਂਈ ਤਰੀਕੇ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਥਾਂ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਸਰਕਾਰ ਦੇ ਇਸ ਜ਼ਬਰ ਦਾ ਡਟ ਕੇ ਮੁਕਾਬਲਾ ਕਰਾਂਗੇ। ਉਹਨਾਂ ਕਿਹਾ ਕਿ ਸੂਬੇ ਦੀਆਂ ਹੱਦਾਂ ਉਪਰ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਡੱਟ ਕੇ ਖੜੇ ਹਨ ਅਤੇ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣਗੇ।
26 ਫ਼ਰਵਰੀ ਨੂੰ ਟਰੈਕਟਰ ਪਰੇਡ:ਬੁਲਾਰਿਆਂ ਨੇ ਹਕੂਮਤਾਂ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਮੋਦੀ ਹਕੂਮਤ ਦਾ ਕਿਸਾਨਾਂ ਦੇ ਹੱਕੀ ਸੰਘਰਸ਼ ਉੱਪਰ ਕੀਤਾ ਜਾ ਰਿਹਾ ਜ਼ਬਰ ਉਸ ਦੀ ਅਰਥੀ ਵਿੱਚ ਆਖ਼ਰੀ ਕਿੱਲ ਸਾਬਤ ਹੋਵੇਗਾ। ਪੰਜਾਬ ਦਾ ਵਿਰਸਾ ਸ਼ਹਾਦਤਾਂ ਦੇ ਬਾਵਜੂਦ ਵੀ ਜੂਝ ਮਰਨ ਦਾ ਵਿਰਸਾ ਹੈ। ਮੋਦੀ ਹਕੂਮਤ ਦੀਆਂ ਅਰਥੀਆਂ ਇਤਿਹਾਸਕ ਦਿਹਾੜੇ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਚਾਚਾ ਅਜੀਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਾੜੀਆਂ ਗਈਆਂ।
ਬੁਲਾਰਿਆਂ ਬਾਬੂ ਸਿੰਘ ਖੁੱਡੀਕਲਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਭੋਲਾ ਸਿੰਘ ਛੰਨਾਂ, ਰਾਣਾ ਸਿੰਘ ਉੱਪਲੀ, ਅਮਰਜੀਤ ਕੌਰ, ਕੁਲਵਿੰਦਰ ਸਿੰਘ ਉੱਪਲੀ, ਭੋਲਾ ਸਿੰਘ ਜੈਦ, ਸਤਨਾਮ ਸਿੰਘ ਮੂੰਮ, ਕੁਲਵੰਤ ਸਿੰਘ ਹੰਢਿਆਇਆ ਨੇ ਕਿਹਾ ਕਿ 26 ਫ਼ਰਵਰੀ ਨੂੰ ਐਸਕੇਐਮ ਦੇ ਸੱਦੇ 'ਤੇ ਟਰੈਕਟਰ ਪਰੇਡ ਮੌਕੇ ਹਰ ਘਰ ਦਾ ਟਰੈਕਟਰ ਹਾਈਵੇ ਉੱਪਰ ਖੜ੍ਹੇ ਕੀਤਾ ਜਾਵੇਗਾ।
ਕੇਂਦਰੀ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਖਿਲਾਫ ਕਾਰਵਾਈ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ 23 ਸਾਲਾ ਨੌਜਵਾਨ ਸੁਭਕਰਨ ਸਿੰਘ ਦੇ ਕਤਲ ਦਾ ਪਰਚਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਖਿਲਾਫ਼ ਦਰਜ ਕੀਤਾ ਜਾਵੇ।