ਚੰਡੀਗੜ੍ਹ:ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਨੂੰ ਲੈਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਜਿਸ ਨੂੰ ਲੈਕੇ 'ਆਪ', ਕਾਂਗਰਸ ਤੇ ਭਾਜਪਾ ਵਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇੰਨ੍ਹਾਂ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਸਟਾਰ ਪ੍ਰਚਾਰਕਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਭਾਜਪਾ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ
ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਪੰਜਾਬ ਪ੍ਰਧਾਨ ਸੁਨੀਲ ਜਾਖੜ, ਹਰਿਆਣਾ ਸੀਐਮ ਨਾਇਬ ਸਿੰਘ ਸੈਣੀ, ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਸਮੇਤ ਕਈ ਵੱਡੇ ਨਾਮ ਸ਼ਾਮਲ ਕੀਤੇ ਗਏ ਹਨ। ਜਿੰਨ੍ਹਾਂ 'ਤੇ ਪੰਜਾਬ ਦੀਆਂ ਇੰਨ੍ਹਾਂ ਜ਼ਿਮਨੀ ਚੋਣਾਂ ਦੌਰਾਨ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਭਾਜਪਾ ਵਲੋਂ ਸਟਾਰ ਪ੍ਰਚਾਰਕਾਂ 'ਚ ਕੇਂਦਰੀ ਲੀਡਰਸ਼ਿਪ ਦੇ ਆਗੂ ਵੀ ਸ਼ਾਮਲ ਕੀਤੇ ਗਏ ਹਨ।
ਭਾਜਪਾ ਸਟਾਰ ਪ੍ਰਚਾਰਕਾਂ ਦੀ ਸੂਚੀ (ETV BHARAT) ਇੰਨ੍ਹਾਂ ਦਿੱਗਜਾਂ ਦੇ ਨਾਂ ਵੀ ਸ਼ਾਮਲ
ਇਨ੍ਹਾਂ ਜ਼ਿਮਨੀ ਚੋਣਾਂ ਲਈ ਭਾਜਪਾ ਨੇ ਹੁਣ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਪੰਜਾਬ ਤੋਂ ਸੁਨੀਲ ਜਾਖੜ ਦਾ ਨਾਮ ਸਭ ਤੋਂ ਉਪਰ ਹੈ, ਜਿਸ ਉਪਰੰਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੈਪਟਨ ਅਮਰਿੰਦਰ ਸਿੰਘ, ਰਵਨੀਤ ਬਿੱਟੂ, ਤਰੁਣ ਚੁੱਘ, ਅਸ਼ਵਨੀ ਸ਼ਰਮਾ, ਵਿਜੇ ਸਾਂਪਲਾ, ਹੰਸ ਰਾਜ ਹੰਸ, ਅਰਵਿੰਦ ਖੰਨਾ, ਮਨੋਰੰਜਨ ਕਾਲੀਆ, ਚਰਨਜੀਤ ਸਿੰਘ ਅਟਵਾਲ, ਅਵਿਨਾਸ਼ ਰਾਏ ਖੰਨਾ, ਹਰਜੀਤ ਸਿੰਘ ਗਰੇਵਾਲ, ਪ੍ਰੀਤੀ ਸਪਰੂ ਆਦਿ ਸਮੇਤ ਕਈ ਵੱਡੇ ਨਾਮ ਸੂਚੀ ਵਿੱਚ ਸ਼ਾਮਲ ਹਨ।
ਚਾਰ ਵਿਚੋਂ ਤਿੰਨ ਸੀਟਾਂ 'ਤੇ ਉਮੀਦਵਾਰ ਐਲਾਨੇ
ਕਾਬਿਲੇਗਰ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਦੁਪਹਿਰ ਬਾਅਦ BJP ਵੱਲੋਂ ਚਾਰ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਲਈ ਤਿੰਨ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਪਾਰਟੀ ਨੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਮਨਪ੍ਰੀਤ ਸਿੰਘ ਬਾਦਲ, ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋਂ ਅਤੇ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰੀ ਸੌਂਪੀ ਹੈ।