ਚੰਡੀਗੜ੍ਹ : ਬੀਤੀ ਰਾਤ ਨਸ਼ਾ ਤਸਕਰੀ ਕਰਦਿਆਂ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਭਾਜਪਾ ਆਗੂ ਸਤਿਕਾਰ ਕੌਰ ਗਹਿਰੀ 'ਤੇ ਐਕਸ਼ਨ ਲੈਂਦੇ ਹੋਏ ਭਾਜਪਾ ਨੇ ਪਾਰਟੀ 'ਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਹੈ ਅਤੇ 6 ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਨਿਰਦੇਸ਼ਾਂ ’ਤੇ ਸਤਿਕਾਰ ਕੌਰ ਨੂੰ 6 ਸਾਲ ਲਈ ਪਾਰਟੀ ਵਿੱਚੋਂ ਕੱਢਿਆ ਗਿਆ ਹੈ। ਦਰਅਸਲ ਬੀਤੇ ਦਿਨ ਸਤਿਕਾਰ ਕੌਰ ਗਹਿਰੀ ਨੂੰ ਪੁਲਿਸ ਨੇ ਮੋਹਾਲੀ ਦੇ ਸੰਨੀ ਇਨਕਲੇਵ ਦੀ ਮਾਰਕੀਟ ਵਿੱਚ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਸੀ। ਉਸ ਕੋਲੋਂ 100 ਗ੍ਰਾਮ ਚਿੱਟਾ, ਡਰੱਗ ਮਨੀ ਅਤੇ 4 ਗੱਡੀਆਂ ਵੀ ਪੁਲਿਸ ਨੇ ਫੜੀਆਂ ਸਨ।
ਕਾਂਗਰਸ ਦੀ ਰਹੀ ਸਾਬਕਾ ਵਿਧਾਇਕਾ
ਦੱਸਣਯੋਗ ਹੈ ਕਿ ਸਤਿਕਾਰ ਕੌਰ ਭਾਜਪਾ ਆਗੂ ਹੈ ਅਤੇ ਇਸ ਤੋਂ ਪਹਿਲਾਂ ਉਹ ਕਾਂਗਰਸ ਦੀ ਸਾਬਕਾ ਵਿਧਾਇਕ ਰਹੀ ਹੈ। ਮਾਮਲੇ ਸਬੰਧੀ ਪੁਲਿਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਸੀ ਕਿ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਦੀ ਸਾਬਕਾ ਵਿਧਾਇਕ ਰਹੀ ਸਤਿਕਾਰ ਕੌਰ ਗਹਿਰੀ ਨੂੰ ਹੈਰੋਇਨ (ਚਿੱਟੇ) ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਸੀ ਕਿ ਪੁਲਿਸ ਨੇ ਟ੍ਰੈਪ ਲਗਾ ਕੇ ਉਨ੍ਹਾਂ ਦੇ ਨਸ਼ਾ ਤਸਕਰੀ 'ਚ ਸਹਿਯੋਗੀ ਬਣੇ ਭਤੀਜੇ, ਜਸਕੀਰਤ ਸਿੰਘ ਨੂੰ ਵੀ ਮੌਕੇ 'ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
'ਚਿੱਟੇ' ਨਾਲ ਫੜੀ ਸਾਬਕਾ MLA
ਉੱਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਤਿਕਾਰ ਕੌਰ ਦੇ ਨਾਲ ਬਰਿੰਦਰ ਸਿੰਘ ਨਾਮ ਦੇ ਸਖ਼ਸ਼ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 28 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਗਹਿਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਖਰੜ ਦੇ ਸੰਨੀ ਇਨਕਲੇਵ 'ਚ ਪੁਲਿਸ ਵੱਲੋਂ ਸਰਚ ਅਪ੍ਰੇਸ਼ਨ ਵੀ ਚਲਾਇਆ ਗਿਆ, ਜਿਸ ਦੌਰਾਨ ਨਗਦ ਪੈਸੇ, ਸੋਨਾ ਅਤੇ ਵਹੀਕਲ ਬਰਮਦ ਕੀਤੇ ਗਏ ਹਨ।