ਤਰਨਜੀਤ ਸਿੰਘ ਸੰਧੂ ਨੇ ਅੰਮ੍ਰਿਤਸਰ ਵੱਲਾ ਮੰਡੀ ਦਾ ਕੀਤਾ ਦੌਰਾ
ਅੰਮ੍ਰਿਤਸਰ: ਲੋਕ ਸਭਾ ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਤੁਰੰਤ ਸਿਆਸੀ ਪਾਰਟੀਆਂ ਦੇ ਉਮੀਦਵਾਰ ਸਰਗਰ ਹੁੰਦੇ ਨਜ਼ਰ ਆ ਰਹੇ ਹਨ, ਚੋਣਾਂ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਹਲਕਿਆਂ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਲੜੀ ਤਹਿਤ ਅੱਜ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਅੰਮ੍ਰਿਤਸਰ ਦੀ ਵੱਲਾ ਮੰਡੀ ਦਾ ਦੌਰਾ ਕਰਨ ਪਹੁੰਚੇ। ਉਹਨਾਂ ਸਫ਼ਾਈ ਨੂੰ ਮੁੱਖ ਰੱਖਦਿਆਂ ਵਿਰੋਧੀ ਪਾਰਟੀਆਂ ਤੇ ਤੰਜ਼ ਕਸਦਿਆਂ ਕਿਹਾ ਕਿ ਅੰਮ੍ਰਿਤਸਰ ਦੀ ਸਭ ਤੋਂ ਵੱਡੀ ਵੱਲਾ ਮੰਡੀ ਵਿੱਚੋਂ ਹਰ ਰੋਜ਼ ਇੱਕ ਲੱਖ ਤੋਂ ਵੱਧ ਲੋਕਾਂ ਲਈ ਸਬਜ਼ੀ ਅਤੇ ਫ਼ਲ ਸਪਲਾਈ ਕੀਤਾ ਜਾਂਦਾ ਹੈ, ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਇੱਥੇ ਸਫਾਈ ਦਾ ਐਨਾ ਬੁਰਾ ਹਾਲ ਹੈ ਕਿ ਬਾਹਰੋਂ ਸਬਜ਼ੀ ਲੈਣ ਆਏ ਵਿਅਕਤੀਆਂ ਲਈ ਬਾਥਰੂਮ ਤੱਕ ਦਾ ਕੋਈ ਪ੍ਰਬੰਧ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਅੰਮ੍ਰਿਤਸਰ ਵਿੱਚ ਬਾਰਿਸ਼ ਹੋ ਜਾਵੇ ਤਾਂ ਮੰਡੀ ਦੀ ਹਾਲਤ ਹੋਰ ਵੀ ਮਾੜੀ ਹੋ ਜਾਵੇਗੀ।
ਉਹਨਾਂ ਵੱਲਾ ਮੰਡੀ ਦੇ ਵਪਾਰੀਆਂ ਅਤੇ ਆੜਤੀਆਂ ਨਾਲ ਮਿਲ ਕੇ ਉਹਨਾਂ ਦੀਆਂ ਮੁੱਖ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦਾ ਵਿਸ਼ਵਾਸ਼ ਦਿਵਾਇਆ। ਉਹਨਾਂ ਕਿਹਾ ਕਿ ਸਫਾਈ ਦਾ ਕੰਮ ਉਹਨਾਂ ਵੱਲੋਂ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਗੁਰੂ ਨਗਰੀ ਵਿੱਚ ਸਾਫ ਸਫਾਈ ਦਾ ਇੱਕ ਵਿਸ਼ੇਸ਼ ਪੈਕਜ ਕੇਂਦਰ ਸਰਕਾਰ ਤੋਂ ਲਿਆਂਦਾ ਜਾਵੇਗਾ, ਨਾਲ ਹੀ ਮੰਡੀ ਵਿੱਚ ਸੋਲਰ ਪਾਵਰ ਲੱਗਣ ਦੀ ਵੀ ਜਰੂਰਤ ਹੈ, ਜਿਸ ਨਾਲ ਬਿਜਲੀ ਦੀ ਖਪਤ ਘੱਟ ਹੋਵੇਗੀ। ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਸਭ ਤੋਂ ਪਹਿਲਾ ਸੋਲਰ ਪਾਵਰ ਸਿਸਟਮ ਅੰਮ੍ਰਿਤਸਰ ਵਿੱਚ ਲਗਵਾਇਆ ਜਾਵੇਗਾ।
ਇਸ ਮੌਕੇ ਲੋਕਾਂ ਨੇ ਸੰਧੂ ਨੂੰ ਸ਼ਿਕਾਇਤ ਕਰਦਿਆ ਦੱਸਿਆ ਕਿ ਰਾਤ ਸਮੇਂ ਲਾਈਟਾਂ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਗਰੀਬ ਲੋਕ ਲੁੱਟ ਦਾ ਸ਼ਿਕਾਰ ਹੁੰਦੇ ਹਨ। ਜਦਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ। ਜੇਕਰ ਲਾਈਟਾਂ ਹੋਣਗੀਆਂ ਤਾਂ ਲੋਕ ਲੁੱਟ ਦੀਆਂ ਵਾਰਦਾਤਾਂ ਤੋਂ ਬਚਣਗੇ। ਲਾਈਟਾਂ ਦੇ ਸੰਬੰਧ ਵਿੱਚ ਉਹਨਾਂ ਕਿਹਾ ਕਿ ਲਾਈਟਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਉਹਨਾਂ ਵਿਰੋਧੀ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੂੰ ਕਿਹਾ ਕਿ ਬਹੁਤ ਸਮਾਂ ਹੋ ਗਿਆ ਤੁਹਾਨੂੰ ਅੰਮ੍ਰਿਤਸਰ ਵਿੱਚ ਰਹਿੰਦਿਆਂ ਪਰ ਤੁਸੀ ਅੰਮ੍ਰਿਤਸਰ ਦਾ ਬੇੜਾ ਗਰਕ ਕਰ ਦਿੱਤਾ ਹੈ।
ਇਸ ਮੌਕੇ ਵੱਲਾ ਮੰਡੀ ਦੇ ਵਪਾਰੀ ਜਤਿੰਦਰ ਖੁਰਾਨਾ ਨੇ ਤਰਨਜੀਤ ਸੰਧੂ ਅਪੀਲ ਕਰਿਦਆਂ ਕਿਹਾ ਕਿ ਮੰਡੀ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਦੂਸਰਾ ਆਰਮੀ ਦੇ ਏਰੀਏ ਦਾ ਵੀ ਹੱਲ ਕੀਤਾ ਜਾਵੇ, ਕਿਉਂਕਿ ਜਦੋਂ ਵੀ ਮੰਡੀ ਦੀ ਡਿਵੈਲਪਮੈਂਟ ਦੀ ਗੱਲਬਾਤ ਕੀਤੀ ਜਾਂਦੀ ਹੈ ਤਾਂ ਸਰਕਾਰ ਵੱਲੋਂ ਆਰਮੀ ਦੇ ਡੰਪ ਦਾ ਹਵਾਲਾ ਦੇ ਕੇ ਸਾਨੂੰ ਚੁੱਪ ਕਰਵਾ ਦਿੱਤਾ ਜਾਂਦਾ ਹੈ। ਸੰਧੂ ਨੇ ਵਿਸ਼ਵਾਸ਼ ਦਿਵਾਇਆ ਕਿ ਮੰਡੀ ਦੀਆਂ ਸੜਕਾਂ ਦੀ ਚਾਰ ਦੀਵਾਰੀ ਦੀ ਮਨਜ਼ੂਰੀ ਵੀ ਕੇਂਦਰ ਸਰਕਾਰ ਕੋਲੋਂ ਅਸੀਂ ਜਲਦ ਲੈ ਲਵਾਂਗੇ।
ਉਹਨਾਂ ਕਿਹਾ ਕਿ ਹਜ਼ਾਰਾਂ ਦੀ ਤਾਦਾਦ ਵਿੱਚ ਅੰਮ੍ਰਿਤਸਰ ਵੱਲਾ ਮੰਡੀ ਵਿੱਚ ਆਉਂਦੇ ਹਨ, 30 ਲੱਖ ਲੋਕਾਂ ਨੂੰ ਅੰਮ੍ਰਿਤਸਰ ਵਿੱਚ ਸਬਜ਼ੀਆ ਅਤੇ ਫ਼ਲਾਂ ਦੀ ਸਪਲਾਈ ਕੀਤੀ ਜਾਂਦੀ ਹੈ। ਇਸ ਗੰਦਗੀ ਦੇ ਵਿੱਚੋਂ ਹੀ ਇਹ ਲੋਕ ਸਬਜੀ ਅਤੇ ਫ਼ਲ ਲੈ ਕੇ ਗੁਜਰਦੇ ਹਨ। 50 ਹਜਾਰ ਤੋਂ ਵੱਧ ਰੋਜ਼ ਵਪਾਰੀ, ਆੜਤੀਏ, ਪੱਲੇਦਾਰ, ਮਜ਼ਦੂਰ ਸਬਜ਼ੀ ਮੰਡੀ ਵਿੱਚ ਆਉਂਦੇ ਹਨ। ਕਿਹਾ ਕਿ ਸਫਾਈ ਦੀ ਜਿੰਮੇਵਾਰੀ ਮੰਡੀ ਦੇ ਠੇਕੇਦਾਰ ਜਾਂ ਮੰਡੀ ਬੋਰਡ ਦੇ ਹੱਥ ਵਿੱਚ ਹੈ ਪਰ ਉਹ ਮੰਡੀ ਦੀਆਂ ਕੱਚੀਆਂ ਸੜਕਾਂ ਦਾ ਹਵਾਲਾ ਦੇ ਕੇ ਕਹਿੰਦੇ ਹਨ ਕਿ ਮੰਡੀ ਦੀਆਂ ਸੜਕਾਂ ਕੱਚੀਆਂ ਹੋਣ ਕਰਕੇ ਸਫਾਈ ਨਹੀਂ ਹੋ ਸਕਦੀ। ਇਸ ਮੌਕੇ ਅੱਜ ਤਰਨਜੀਤ ਸੰਧੂ ਨੇ ਵਿਸ਼ਵਾਸ਼ ਦਿਵਾਇਆ ਕਿ ਆਰਮੀ ਦੇ ਡੰਪ ਦੀ ਰੇਂਜ ਘਟਾ ਕੇ ਮੰਡੀ ਦੀ ਨੁਹਾਰ ਜਰੂਰ ਬਦਲਨਗੇ।