ਬਿਆਸ (ਅੰਮ੍ਰਿਤਸਰ): ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਇੱਕ-ਇੱਕ ਕਰਕੇ ਹਾਜ਼ਰੀ ਲਗਵਾਈ ਜਾ ਰਹੀ ਹੈ ਅਤੇ ਡੇਰਾ ਬਿਆਸ ਮੁਖੀ ਕੋਲੋਂ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਵਿਖੇ ਪੁੱਜੇ ਜਿੱਥੇ ਉਹਨਾਂ ਵੱਲੋਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿਲੋਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।।
ਡੇਰਾ ਬਿਆਸ ਨਾਲ ਪੁਰਾਣਾ ਸਬੰਧ:ਇਸ ਦੌਰਾਨ ਈਟੀਵੀ ਭਾਰਤ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰਦਿਆਂ ਹੰਸਰਾਜ ਹੰਸ ਨੇ ਕਿਹਾ ਕਿ ਉਹ ਤਾਂ ਰਹਿੰਦੇ ਹੀ ਡੇਰਾ ਬਿਆਸ ਵਿੱਚ ਹਨ ਅਤੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਦਰਸ਼ਨ ਕਰਕੇ ਮਨ ਅਤੇ ਰੂਹ ਨੂੰ ਬੇਹੱਦ ਸਕੂਨ ਮਿਲਦਾ ਹੈ, ਜਿਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਅਧਿਆਤਮ ਨਾਲ ਜੁੜ ਕੇ ਰੂਹ ਨੂੰ ਬੇਹੱਦ ਸਕੂਨ ਮਿਲਦਾ ਹੈ ਅਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਬਚਨਾਂ ਨਾਲ ਜਿੰਦਗੀ ਨੂੰ ਇੱਕ ਨਵੀਂ ਸੇਧ ਮਿਲਦੀ ਹੈ।
ਡੇਰਾ ਬਿਆਸ ਵੱਡਾ ਵੋਟ ਬੈਂਕ: ਉਹਨਾਂ ਕਿਹਾ ਕਿ ਮੈਂ ਕਦੇ ਵੀ ਬਤੌਰ ਰਾਜਨੀਤਿਕ ਆਗੂ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਵਿਖੇ ਨਹੀਂ ਆਇਆ ਬਲਕਿ ਇੱਕ ਨਿਮਾਣੇ ਸ਼ਰਧਾਲੂ ਦੀ ਤਰ੍ਹਾਂ ਡੇਰਾ ਬਿਆਸ ਵਿਖੇ ਪੁੱਜ ਕੇ ਬਾਬਾ ਜੀ ਦੇ ਦਰਸ਼ਨ ਕਰਦਾ ਹਾਂ ਅਤੇ ਉਹਨਾਂ ਦੇ ਕੋਲੋਂ ਆਸ਼ੀਰਵਾਦ ਪ੍ਰਾਪਤ ਕਰਦਾ ਹਾਂ। ਜ਼ਿਕਰਯੋਗ ਹੈ ਕੀ ਹੰਸ ਰਾਜ ਹੰਸ ਬਤੌਰ ਸ਼ਰਧਾਲੂ ਅਕਸਰ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਆਉਂਦੇ ਰਹਿੰਦੇ ਹਨ ਅਤੇ ਬਾਬਾ ਗੁਰਿੰਦਰ ਸਿੰਘ ਢਿੱਲੋ ਦੇ ਨਾਲ ਉਹਨਾਂ ਦੀਆਂ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਹਨ। ਦੱਸ ਦਈਏ ਹੁਣ ਇਸ ਮੁਲਾਕਾਤ ਨੂੰ ਆਪ ਨਹੀਂ ਮੰਨਿਆ ਜਾ ਰਿਹਾ ਕਿਉਂਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡੇਰਾ ਬਿਆਸ ਨੂੰ ਵੱਡੇ ਵੋਟ ਬੈਂਕ ਦੇ ਤੌਰ ਉੱਤੇ ਵੇਖਿਆ ਜਾਂਦਾ ਹੈ।