ਚੰਡੀਗੜ੍ਹ:ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰਦੀ ਰਿਹਾਈ ਦੀ ਅਪੀਲ ਦਿੱਲੀ ਦੀ ਆਪ ਸਰਕਾਰ ਵੱਲੋਂ ਰੱਦ ਕੀਤੇ ਜਾਣ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਇਹ ਅਪੀਲ ਰੱਦ ਕਰਨ ਦੇ ਕਾਰਣ ਜਨਤਕ ਕੀਤੇ ਜਾਣ।
ਰਾਮ ਰਹੀਮ ਨੂੰ ਲੈਕੇ ਪੁੱਛਿਆ ਸਵਾਲ: ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਆਗੂ ਨੇ ਪੰਜਾਬ ਦੀ ਆਪ ਸਰਕਾਰ 'ਤੇ ਭਗਵੰਤ ਮਾਨ ਨੂੰ ਵੀ ਆਖਿਆ ਕਿ ਉਹ ਵੀ ਇਹ ਸਪੱਸ਼ਟ ਕਰਨ ਕਿ ਉਹ ਤਕਰੀਬਨ ਦੋ ਸਾਲ ਪਹਿਲਾਂ ਗੁਰਮੀਤ ਰਾਮ ਰਹੀਮ ਖਿਲਾਫ ਧਾਰਾ 295 ਏ ਤਹਿਤ ਧਾਰਮਿਕ ਭਾਵਨਾਵਾਂ ਦਾ ਅਪਮਾਨ ਕਰਨ ਲਈ ਐਸ ਆਈ ਟੀ ਵੱਲੋਂ ਕੀਤੀ ਸਿਫਾਰਸ਼ ਨੂੰ ਦੱਬ ਕੇ ਕਿਉਂ ਬੈਠੇ ਹਨ ਤੇ ਉਸ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ।
'ਰਾਮ ਰਹੀਮ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ AAP': ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਹੁਣ ਰਲ ਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਜੋ ਪਿਛਲੇ 29 ਸਾਲਾਂ ਤੋਂ ਜੇਲ੍ਹ ਵਿਚ ਬੰਦ ਹਨ, ਦੀ ਰਿਹਾਈ ਨਹੀਂ ਹੋਣ ਦੇ ਰਹੇ ਜਦੋਂ ਕਿ ਗੁਰਮੀਤ ਰਾਮ ਰਹੀਮ ਖਿਲਾਫ ਕਾਰਵਾਈ ਇਸ ਕਰ ਕੇ ਨਹੀਂ ਕਰ ਰਹੇ ਕਿਉਂਕਿ ਹਰਿਆਣਾ ਵਿਧਾਨ ਸਭਾ ਚੋਣਾਂ ਮੌਕੇ ਉਹ ਉਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ।
ਪੰਜ ਸਾਲਾਂ ਤੋਂ ਪੈਂਡਿੰਗ ਅਪੀਲ ਕੀਤੀ ਰੱਦ: ਪ੍ਰੋ. ਦਵਿੰਦਰਪਾਲ ਲਈ ਨਿਆਂ ਦੀ ਮੰਗ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਪੰਜਾਬੀਆਂ ਨੂੰ ਇਹ ਜਾਨਣ ਦਾ ਪੂਰਾ ਹੱਕ ਹੈ ਕਿ ਉਹਨਾਂ ਦੀ ਰਿਹਾਈ ਦੀ ਅਪੀਲ ਪਿਛਲੇ ਪੰਜ ਸਾਲਾਂ ਤੋਂ ਪੈਂਡਿੰਗ ਰੱਖ ਕੇ ਹੁਣ ਰੱਦ ਕਿਉਂ ਕੀਤੀ ਗਈ ਹੈ। ਇਹ ਪ੍ਰੋ. ਭੁੱਲਰ ਦੇ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੈ।
ਸੰਦੋਆ ਨੂੰ ਪੁਲਿਸ ਕਲੀਅਰੰਸ ਸਰਟੀਫਿਕੇਟ:ਮਜੀਠੀਆ ਨੇ ਕਿਹਾ ਕਿ ਆਪ ਦੋਗਲੇ ਮਾਪਦੰਡ ਅਪਣਾ ਰਹੀ ਹੈ। ਉਹਨਾਂ ਮੰਗ ਕੀਤੀ ਕਿ ਜਿਸ ਤਰੀਕੇ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਬਦਫੈਲੀ ਦੇ ਦੋਸ਼ੀ ਸਾਬਕਾ ਆਪ ਵਿਧਾਇਕ ਅਮਰਜੀਤ ਸਿੰਘ ਸੰਦੋਆ, ਜਿਸ ਨੂੰ ਕੈਨੇਡਾ ਤੋਂ ਵਾਪਸ ਭੇਜਿਆ ਜਾਣਾ ਸੀ, ਲਈ ਪੁਲਿਸ ਕਲੀਅਰੰਸ ਸਰਟੀਫਿਕੇਟ ਹਾਸਲ ਕੀਤਾ ਹੈ, ਉਸਦੀ ਜਾਂਚ ਕਰਵਾਈ ਜਾਵੇ।ਉਹਨਾਂ ਕਿਹਾ ਕਿ ਸ੍ਰੀ ਸੰਦੋਆ ਨੂੰ ਕੈਨੇਡੀਅਨ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਰੋਕਿਆ ਸੀ ਤੇ 7 ਘੰਟਿਆਂ ਤੱਕ ਬਦਫੈਲੀ ਦੇ ਮਾਮਲੇ ਵਿਚ ਪੁੱਛ-ਗਿੱਛ ਕੀਤੀ ਤੇ ਉਸ ਤੋਂ ਬਾਅਦ ਹੀ ਉਸਨੂੰ ਆਪ ਦੇ ਆਗੂ ਹਿੰਮਤ ਸਿੰਘ ਸ਼ੇਰਗਿੱਲ ਦੇ ਵਿਆਹ ਵਿਚ ਜਾਣ ਦਿੱਤਾ ਗਿਆ। ਉਹਨਾਂ ਕਿਹਾ ਕਿ ਕਾਹਲੀ ਵਿਚ ਸੰਦੋਆ ਨੂੰ ਪੀੜਤ ਨਾਲ ਹੋਏ ਕਥਿਤ ਸਮਝੌਤੇ ਦੇ ਆਧਾਰ ’ਤੇ ਕਲੀਅਰੰਸ ਸਰਟੀਫਿਕੇਟ ਜਾਰੀ ਕੀਤਾ ਗਿਆ ਜਦੋਂ ਕਿ ਸੁਪਰੀਮ ਕੋਰਟ ਦੀਆਂ ਸਪਸ਼ਟ ਹਦਾਇਤਾਂ ਹਨ ਕਿ ਅਜਿਹੇ ਘਿਨੌਣੇ ਅਪਰਾਧਾਂ ਦੇ ਮਾਮਲੇ ਵਿਚ ਸਮਝੌਤਿਆਂ ਦੀ ਪਰਵਾਹ ਨਾ ਕਰਦਿਆਂ ਪੁਲਿਸ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰੇ।
ਕੇਸ ਦੀ ਮੈਡੀਕੋ ਲੀਗਲ ਰਿਪੋਰਟ ਵਿਚ ਸਪੱਸ਼ਟ ਸਬੂਤ:ਮਜੀਠੀਆ ਨੈ ਕਿਹਾ ਕਿ ਕੇਸ ਦੀ ਮੈਡੀਕੋ ਲੀਗਲ ਰਿਪੋਰਟ ਵਿਚ ਸਪੱਸ਼ਟ ਸਬੂਤ ਹਨ ਜਿਸ ਤੋਂ ਸਾਫ ਸਾਬਤ ਹੁੰਦਾ ਹੈ ਕਿ ਸੰਦੋਆ ਨੇ ਬਦਫੈਲੀ ਕੀਤੀ ਸੀ। ਉਹਨਾਂ ਕਿਹਾ ਕਿ ਸੰਦੋਆ ਦੇ ਦਬਾਅ ਕਾਰਨ ਸਮਝੌਤਾ ਕੀਤਾ ਗਿਆ ਪਰ ਉਸ ਵਿਚ ਵੀ ਉਹਨਾਂ ਨੂੰ ਦੋਸ਼ੀ ਮੰਨਿਆ ਤੇ ਉਸਦੇ ਖਿਲਾਫ ਸੁਪਰੀਮ ਕੋਰਟ ਵੱਲੋਂ ਅਜਿਹੇ ਕੇਸਾਂ ਵਿਚ ਦਿੱਤੀਆਂ ਹਦਾਇਤਾਂ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ।
ਕੈਨੇਡੀਅਨ ਅੰਬੈਸੀ ਕੋਲ ਪਹੁੰਚ ਕਰੇਗਾ ਅਕਾਲੀ ਦਲ: ਅਕਾਲੀ ਆਗੂ ਨੇ ਇਹ ਵੀ ਮੰਗ ਕੀਤੀ ਕਿ ਜਿਸ ਤਰੀਕੇ ਗ੍ਰਹਿ ਮੰਤਰੀ ਸ੍ਰੀ ਭਗਵੰਤ ਮਾਨ ਨੇ ਕੈਨੇਡਾ ਸਰਕਾਰ ਨੂੰ ਕੇਸ ਵਿਚ ਗੁੰਮਰਾਹ ਕੀਤਾ, ਉਸ ਤਰੀਕੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਗ੍ਰਹਿ ਮੰਤਰੀ ਨੇ ਸੰਦੋਆ ਨੂੰ ਕੇਸ ਵਿਚ ਕਲੀਨ ਚਿੱਟ ਦਿੱਤੀ ਉਹ ਇਹ ਦੱਸਦੀ ਹੈ ਕਿ ਸ੍ਰੀ ਭਗਵੰਤ ਮਾਨ ਕਿਸ ਤਰੀਕੇ ਨੈਤਿਕ ਹਨ ਤੇ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ। ਉਹਨਾਂ ਪੁਲਿਸ ਕਲੀਅਰੰਸ ਸਰਟੀਫਿਕੇਟ ਤੁਰੰਤ ਵਾਪਸ ਲਏ ਜਾਣ ਅਤੇ ਸੰਦੋਆ ਖਿਲਾਫ ਬਦਫੈਲੀ ਦਾ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਕੈਨੇਡੀਅਨ ਅੰਬੈਸੀ ਕੋਲ ਪਹੁੰਚ ਕਰੇਗਾ ਤੇ ਉਸ ਨੂੰ ਕੇਸ ਦੇ ਸਾਰੇ ਤੱਕਾਂ ਤੋਂ ਜਾਣੂ ਕਰਵਾਏਗਾ ਤੇ ਨਾਲ ਹੀ ਕੇਸ ਦੀ ਮੈਡੀਕੋ ਲੀਗਲ ਰਿਪੋਰਟ ਦੀ ਕਾਪੀ ਵੀ ਅੰਬੈਸੀ ਨੂੰ ਸੌਂਪੀ ਜਾਵੇਗੀ।