ਲੁਧਿਆਣਾ:ਪੰਜਾਬ ਵਿੱਚ ਇਸ ਵਾਰ ਝੋਨੇ ਦੀ ਖਰੀਦ ਦੀ ਰਸਮੀ ਸ਼ੁਰੂਆਤ ਭਾਵੇਂ ਅਕਤੂਬਰ ਦੀ ਸ਼ੁਰੂਆਤ ਵਿੱਚ ਹੀ ਹੋ ਗਈ ਸੀ ਪਰ ਫਸਲ ਦੀ ਖਰੀਦ ਨਾ ਹੋਣ ਕਰਕੇ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਇਸ ਮਸਲੇ ਨੂੰ ਲੈਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਉੱਤੇ ਵੀ ਪੰਜਾਬ ਸਰਕਾਰ ਰਹੀ ਹੈ ਅਤੇ ਅੱਜ ਵੀ ਮੁੱਖ ਮੰਤਰੀ ਪੰਜਾਬ ਦੀ ਕੇਂਦਰੀ ਮੰਤਰੀ ਦੇ ਨਾਲ ਖਰੀਦ ਨੂੰ ਲੈ ਕੇ ਮੀਟਿੰਗ ਹੈ।
ਪ੍ਰਬੰਧਾਂ 'ਚ ਦੇਰੀ ਹੋਣ ਤੋਂ ਕਿਸਾਨ ਹਨ ਪਰੇਸ਼ਾਨ (ETV BHARAT PUNJAB (ਰਿਪੋਟਰ,ਲੁਧਿਆਣਾ)) ਕਿਸਾਨਾਂ ਨੇ ਦੱਸੀ ਪਰੇਸ਼ਾਨੀ
ਇੱਕ ਪਾਸੇ ਜਿੱਥੇ ਮਜ਼ਦੂਰਾਂ ਦੇ ਮਸਲੇ ਹਨ ਉੱਥੇ ਹੀ ਆੜਤੀਏ ਵੀ ਕਮਿਸ਼ਨ ਨੂੰ ਲੈ ਕੇ ਅੜੇ ਹੋਏ ਹਨ। ਇਸ ਮਸਲੇ ਨੂੰ ਲੈ ਕੇ ਸਾਡੀ ਟੀਮ ਵੱਲੋਂ ਮੰਡੀਆਂ ਦਾ ਦੌਰਾ ਕੀਤਾ ਗਿਆ ਤਾਂ ਕਿਸਾਨਾਂ ਨੇ ਕਿਹਾ ਕਿ ਉਹ ਕਈ ਕਈ ਦਿਨ ਤੋਂ ਪਰੇਸ਼ਾਨ ਹਨ। ਉਹਨਾਂ ਨੇ ਕਿਹਾ ਕਿ 6 ਤੋਂ ਸੱਤ ਦਿਨ ਵੀ ਹੋ ਚੁੱਕੇ ਹਨ। ਰਾਤ ਨੂੰ ਇੱਥੇ ਹੀ ਸੌਣਾ ਪੈਂਦਾ ਹੈ ਪਰ ਮੰਡੀਆਂ ਵਿੱਚੋਂ ਫਸਲ ਨਹੀਂ ਚੁੱਕੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਪ੍ਰਬੰਧ ਪਹਿਲਾਂ ਹੀ ਕਰ ਲੈਣੇ ਚਾਹੀਦੇ ਸਨ।
ਆੜਤੀਆਂ ਦੀ ਕਿਸਾਨਾਂ ਨੂੰ ਅਪੀਲ
ਹਾਲਾਂਕਿ ਦੂਜੇ ਪਾਸੇ ਆੜਤੀਆਂ ਨੇ ਕਿਹਾ ਕਿ ਸਰਕਾਰ ਦੀ ਲਗਾਤਾਰ ਮੀਟਿੰਗ ਚੱਲ ਰਹੀ ਹੈ, ਸਾਡਾ ਕਮਿਸ਼ਨ ਦਾ ਮਸਲਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਜਿਸ ਦਾ ਹੱਲ ਹਾਲੇ ਤੱਕ ਨਹੀਂ ਹੋਇਆ ਹੈ ਅਤੇ ਉਮੀਦ ਹੈ ਕਿ ਸ਼ਾਮ ਤੱਕ ਇਸ ਦਾ ਕੋਈ ਹੱਲ ਹੋਵੇਗਾ ਅਤੇ ਮੰਡੀਆਂ ਦੇ ਵਿੱਚ ਖਰੀਦ ਸੁਚੱਜੇ ਢੰਗ ਨਾਲ ਚੱਲ ਸਕੇਗੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਅਸੀਂ ਇਹੀ ਅਪੀਲ ਕਰ ਰਹੇ ਹਾਂ ਕਿ ਝੋਨਾ ਪੂਰੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਉਹਨਾਂ ਦੀ ਸਮੇਂ ਸਿਰ ਖਰੀਦ ਹੋ ਸਕੇ। ਉਹਨਾਂ ਕਿਹਾ ਕਿ ਦੋ ਦਿਨ ਤੋਂ ਮੰਡੀਆਂ ਦੇ ਵਿੱਚ ਬਾਰਦਾਨਾ ਵੀ ਆ ਚੁੱਕਾ ਹੈ ਅਤੇ ਖਰੀਦ ਵੀ ਸ਼ੁਰੂ ਕਰ ਦਿੱਤੀ ਗਈ ਹੈ। ਕਿਸਾਨਾਂ ਨੇ ਕਿਹਾ ਕਿ ਬੀਤੇ ਦਿਨ ਲਾਏ ਧਰਨੇ ਤੋਂ ਬਾਅਦ ਸਰਕਾਰ ਉੱਤੇ ਦਬਾਅ ਪਿਆ ਹੈ ਜਿਸ ਕਰਕੇ ਅੱਜ ਬੋਲੀ ਵੀ ਸ਼ੁਰੂ ਹੋ ਚੁੱਕੀ ਹੈ ਅਤੇ ਸਾਨੂੰ ਉਮੀਦ ਹੈ ਕਿ ਆਉਂਦੇ ਦਿਨਾਂ ਤੱਕ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਵੀ ਸ਼ੁਰੂ ਹੋ ਜਾਵੇਗੀ।