ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (ETV BHARAT) ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਥਾਨਕ ਕਚਿਹਰੀ ਚੌਂਕ ਵਿਖੇ ਇਕੱਤਰਤਾ ਉਪਰੰਤ ਮਾਰਚ ਕਰਦਿਆਂ ਡੀਸੀ ਦਫ਼ਤਰ ਪੁੱਜ ਕੇ ਵਿਸ਼ਵ ਵਪਾਰ ਸੰਸਥਾ ਦਾ ਪੂਤਲਾ ਫੂਕਿਆ ਗਿਆ।
ਇਸ ਮੌਕੇ ਜ਼ਿਲ੍ਹਾਂ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਵਿਕਸਤ ਦੇਸ਼ਾਂ ਦੇ ਵੱਡੇ ਵਪਾਰੀਆਂ ਦੀ ਜੱਥੇਬੰਦੀ ਬਣ ਚੁੱਕੀ ਹੈ। ਭਾਰਤ ਸਰਕਾਰ ਵੱਲੋਂ ਸੰਸਾਰ ਬੈਂਕ ਆਈਐੱਮਐੱਫ, ਕੌਮਾਂਤਰੀ ਮੁਦਰਾ ਕੋਸ਼ ਸੰਸਥਾਵਾਂ ਤੋਂ ਕਰਜ਼ਾ ਚੁੱਕਣ ਸਮੇਂ ਕਿਸਾਨ ਉਤੇ ਕਿਰਤੀ ਵਿਰੋਧੀ ਸ਼ਰਤਾਂ ਲਈ ਮਜ਼ਬੂਰ ਕਰਦੀਆਂ ਹਨ, ਕਿਉਂਕਿ ਜ਼ਮੀਨਾਂ ਉਤੇ ਸਰਕਾਰੀ ਅਦਾਰੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਲੋਚਦੀਆਂ ਹਨ।
ਬੁਲਾਰਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਉਤੇ ਉਨ੍ਹਾਂ ਦੀ ਜੱਥੇਬੰਦੀ ਬੀਕੇਯੂ ਉਗਰਾਹਾਂ ਦੀ ਮੰਗ ਹੈ ਕਿ ਭਾਰਤ ਸਰਕਾਰ ਇਸ ਸੰਸਥਾ 'ਚੋਂ ਫੌਰੀ ਬਾਹਰ ਆਵੇ ਅਤੇ ਇਸ ਮੰਗ ਦੀ ਪੂਰਤੀ ਹੋਣ ਤੱਕ ਸੰਘਰਸ਼ ਜਾਰੀ ਰਹੇਗਾ, ਕਿਉਂਕਿ ਜਦ ਤੱਕ ਦਲਾਲ ਖਾਸੇ ਦੇ ਹਾਕਮ ਦੇਸ਼ ਦੇ ਪੈਦਾਵਾਰੀ ਸਾਧਨਾਂ ਨੂੰ ਕਾਰਪੋਰੇਟ ਕੰਪਨੀਆਂ ਨੂੰ ਕੌਡੀਆਂ ਦੇ ਭਾਅ ਲੁਟਾਉਂਦੇ ਰਹਿਣਗੇ, ਉਦੋਂ ਤੱਕ ਭਾਰਤ ਦੇ ਲੋਕਾਂ ਦਾ ਵਿਕਾਸ ਨਹੀਂ ਹੋ ਸਕਦਾ।
ਅਖੀਰ 'ਚ ਆਕਾਸ਼ ਗੂੰਜਾਊ ਨਾਅਰੇਬਾਜ਼ੀ ਕਰਦਿਆਂ ਵਿਸ਼ਵ ਵਪਾਰ ਸੰਸਥਾ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜ਼ਿਲ੍ਹਾਂ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਖਜ਼ਾਨਚੀ ਭਗਤ ਸਿੰਘ ਛੰਨਾ, ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਦਰਸ਼ਨ ਸਿੰਘ ਭੈਣੀ, ਬਲਾਕ ਬਰਨਾਲਾ ਪ੍ਰਧਾਨ ਬਲੌਰ ਸਿੰਘ ਛੰਨਾ, ਕ੍ਰਿਸ਼ਨ ਸਿੰਘ ਛੰਨਾ ਜਰਨੈਲ ਸਿੰਘ ਜਵੰਧਾ ਪਿੰਡੀ, ਬਲਦੇਵ ਸਿੰਘ, ਨਿਰਪਜੀਤ ਸਿੰਘ ਬਡਬਰ, ਜ਼ਿਲ੍ਹਾਂ ਔਰਤ ਕਨਵੀਨਰ ਕਮਲਜੀਤ ਕੌਰ ਬਰਨਾਲਾ, ਅਮਰਜੀਤ ਕੌਰ ਬਡਬਰ, ਲਖਵੀਰ ਕੌਰ ਧਨੌਲਾ, ਸਰਬਜੀਤ ਕੌਰ, ਰਣਜੀਤ ਕੌਰ ਪੱਤੀ, ਚਰਨਜੀਤ ਕੌਰ, ਸੁਖਵਿੰਦਰ ਕੌਰ, ਗੁਰਜੀਤ ਕੌਰ ਅਤੇ ਸੁਖਦੇਵ ਕੌਰ ਆਦਿ ਆਗੂ ਹਾਜ਼ਰ ਸਨ।