ਸੰਗਰੂਰ: ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਨੂੰ ਲੈ ਕੇ ਇੱਕ ਵਾਰ ਫਿਰ ਅੰਦੋਲਨ ਸ਼ੁਰੂ ਕੀਤਾ ਗਿਆ ਹੈ। 13 ਫਰਵਰੀ ਤੋਂ ਕਿਸਾਨ ਲਗਾਤਾਰ ਹਰਿਆਣਾ ਦੇ ਬਾਰਡਰਾਂ ਉੱਤੇ ਡਟ ਕੇ ਬੈਠੇ ਹਨ ਅਤੇ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਹਰਿਆਣੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਕਿਸਾਨਾਂ ਉੱਤੇ ਲਗਾਤਾਰ ਅੱਤਿਆਚਾਰ ਕੀਤਾ ਜਾ ਰਿਹਾ ਹੈ।
ਸੰਗਰੂਰ 'ਚ ਭਾਰਤ ਬੰਦ ਨੂੰ ਮਿਲਿਆ ਪੂਰਾ ਸਮਰਥਨ, ਬੱਸਾਂ ਰਹੀਆਂ ਜਾਮ ਤਾਂ ਬਜ਼ਾਰਾਂ 'ਚ ਰਹੇ ਲਾਕਡਾਊਨ ਜਿਹੇ ਹਲਾਤ - Sangrur
ਜ਼ਿਲ੍ਹਾ ਸੰਗਰੂਰ ਵਿੱਚ ਕਿਸਾਨਾਂ ਵੱਲੋਂ ਦਿੱਤੀ ਗਈ ਭਾਰਤ ਬੰਦ ਦੀ ਕਾਲ ਦਾ ਹਰ ਤਬਕੇ ਨਾਲ ਸਬੰਧਿਤ ਲੋਕਾਂ ਨੇ ਸਾਥ ਦਿੱਤਾ। ਜਿੱਥੇ ਕਿਸਾਨਾਂ ਨੇ ਸੰਗਰੂਰ ਦੇ ਹਾਈਵੇਅ ਜਾਮ ਰੱਖੇ ਉੱਤੇ ਹੀ ਆਮ ਲੋਕਾਂ ਨੇ ਦੁਕਾਨਾਂ ਅਤੇ ਬਜ਼ਾਰਾਂ ਨੂੰ ਵੀ ਬੰਦ ਰੱਖਿਆ।
![ਸੰਗਰੂਰ 'ਚ ਭਾਰਤ ਬੰਦ ਨੂੰ ਮਿਲਿਆ ਪੂਰਾ ਸਮਰਥਨ, ਬੱਸਾਂ ਰਹੀਆਂ ਜਾਮ ਤਾਂ ਬਜ਼ਾਰਾਂ 'ਚ ਰਹੇ ਲਾਕਡਾਊਨ ਜਿਹੇ ਹਲਾਤ Bharat Bandh got full support in Sangrur](https://etvbharatimages.akamaized.net/etvbharat/prod-images/16-02-2024/1200-675-20768092-1021-20768092-1708096683166.jpg)
Published : Feb 16, 2024, 8:55 PM IST
ਸਰਕਾਰ ਤਸ਼ੱਦਦ ਦੇ ਵਿਰੋਧ ਵਿੱਚ ਤਹਿਤ ਕਿਸਾਨਾਂ ਵੱਲੋਂ ਅੱਜ 16 ਫਰਵਰੀ ਨੂੰ ਭਾਰਤ ਬੰਦ ਦੀ ਕਾਲ ਦਾ ਸੱਦਾ ਦਿੱਤਾ ਗਿਆ ਸੀ ਜਿਸ ਵਿੱਚ ਕਿਸਾਨਾਂ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਆਪੋ-ਆਪਣੇ ਵਪਾਰਕ ਅਦਾਰੇ ਬੰਦ ਕਰਕੇ ਉਹਨਾਂ ਦੇ ਧਰਨੇ ਦਾ ਸਮਰਥਨ ਕਰਨ। ਕਿਸਾਨਾਂ ਦੀ ਇਸ ਕਾਲ ਦਾ ਪੂਰੇ ਪੰਜਾਬ ਵਿੱਚ ਅਸਰ ਦੇਖਣ ਨੂੰ ਮਿਲਿਆ। ਇਸੇ ਲੜੀ ਦੇ ਤਹਿਤ ਅੱਜ ਸੰਗਰੂਰ ਵਿਖੇ ਵੀ ਵੱਡੇ ਪੱਧਰ ਉੱਤੇ ਕਿਸਾਨ ਇਕੱਠੇ ਹੋਏ ਅਤੇ ਪੂਰੇ ਪੰਜਾਬ ਦੀ ਤਰ੍ਹਾਂ ਸੰਗਰੂਰ ਦਾ ਵਪਾਰੀ ਵਰਗ ਇਕੱਠੇ ਹੋਇਆ ਅਤੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਦਿਆਂ ਸੰਗਰੂਰ ਦੇ ਮੁੱਖ ਚੌਂਕ ਬਰਨਾਲਾ ਕੈਂਚੀਆਂ ਨੂੰ ਪੂਰਨ ਤੌਰ ਉੱਤੇ ਜਾਮ ਕਰ ਦਿੱਤਾ।
ਮੀਡੀਆ ਨਾਲ ਗੱਲ ਕਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ, ਜਿਸ ਦੇ ਚਲਦੇ ਸਾਡੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇੰਨ੍ਹਾਂ ਹੀ ਨਹੀਂ ਉਹਨਾਂ ਨੇ ਕਿਹਾ ਕਿ ਜੇ ਆਉਣ ਵਾਲੇ ਸਮੇਂ ਵਿੱਚ ਵੀ ਕੇਂਦਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਸਾਡੇ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਕਿਸਾਨਾਂ ਵੱਲੋਂ ਬੀਤੇ ਤਿੰਨ ਘੰਟਿਆਂ ਲਈ ਟੋਲ ਪਲਾਜ਼ਾ ਵੀ ਪੂਰਨ ਤੌਰ ਉੱਤੇ ਬੰਦ ਕੀਤੇ ਗਏ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਿਰਫ ਆਪਣੇ ਹੱਕਾਂ ਹੀ ਮੰਗ ਰਹੇ ਹਨ। ਕੇਂਦਰ ਸਰਕਾਰ ਨੂੰ ਇਹ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਸਨ ਪਰ ਕੇਂਦਰ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰੀ ਹੈ। ਅਸੀਂ ਇਸ ਵਾਰ ਆਪਣੀਆਂ ਮੰਗਾਂ ਪੂਰੀਆਂ ਕਰਵਾ ਕੇ ਹੀ ਵਾਪਸ ਆਵਾਂਗੇ। ਦੱਸ ਦਈਏ ਕਿ ਸੰਗਰੂਰ ਦੇ ਵਪਾਰਿਆਂ ਵੱਲੋਂ ਆਪਣੇ ਦੁਕਾਨਾਂ ਬੰਦ ਕਰ ਕਰਕੇ ਕਿਸਾਨਾਂ ਦਾ ਸਮਰਥਨ ਕੀਤਾ ਗਿਆ। ਇਕੱਲੀਆਂ ਦੁਕਾਨਾਂ ਹੀ ਨਹੀਂ ਇਸ ਦੇ ਨਾਲ ਨਾਲ ਪੀਆਰਟੀਸੀ ਦੀਆਂ ਬੱਸਾਂ. ਆਟੋ ਚਾਲਕ ਅਤੇ ਹਰ ਵਰਗ ਦੇ ਲੋਕਾਂ ਨੇ ਕਿਸਾਨਾਂ ਦਾ ਅੱਜ ਧਰਨੇ ਵਿੱਚ ਸਮਰਥਨ ਕੀਤਾ।