BBMB ਮੈਨੇਜਮੈਂਟ ਵੱਲੋਂ ਸਤਲੁਜ ਦਰਿਆ 'ਚ ਪਾਣੀ ਛੱਡਿਆ ਗਿਆ (ETV Bharat Rupnagar) ਰੂਪਨਗਰ :ਪੰਜਾਬ ਸਮੇਤ ਗੁਆਢੀ ਸੂਬਿਆਂ ਵਿੱਚ ਪਾਣੀ ਦੀ ਘਾਟ ਅਤੇ ਮੰਗ ਨੂੰ ਪੂਰਾ ਕਰਨ ਲਈ ਬੀ.ਬੀ.ਐਮ.ਬੀ. ਮੈਨੇਜਮੈਂਟ ਵੱਲੋਂ ਪੂਰਵ-ਨਿਰਧਾਰਤ ਪ੍ਰੋਗਰਾਮ ਅਨੁਸਾਰ ਵੀਰਵਾਰ ਨੂੰ ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ 4000 ਕਿਊਸਿਕ ਪਾਣੀ ਛੱਡਿਆ ਗਿਆ। ਇਹ ਪਾਣੀ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਲੋੜੀਂਦੀ ਬਾਰਿਸ਼ ਨਹੀਂ ਹੁੰਦੀ ਅਤੇ ਜੇਕਰ ਇਨ੍ਹਾਂ ਰਾਜਾਂ ਤੋਂ ਮੰਗ ਵਧਦੀ ਹੈ ਤਾਂ ਪਾਣੀ ਦੀ ਮਾਤਰਾ ਵਧਾਈ ਜਾ ਸਕਦੀ ਹੈ।
BBMB ਮੈਨੇਜਮੈਂਟ ਵੱਲੋਂ ਸਤਲੁਜ ਦਰਿਆ 'ਚ ਛੱਡਿਆ ਗਿਆ ਪਾਣੀ : ਡਾਇਰੈਕਟਰ ਵਾਟਰ ਰੈਗੂਲੇਸ਼ਨ ਰਾਜੀਵ ਕੁਮਾਰ ਗੋਇਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਛੱਡਿਆ ਜਾ ਰਿਹਾ ਪਾਣੀ ਹੜ੍ਹਾਂ ਦਾ ਪਾਣੀ ਨਹੀਂ ਹੈ। ਪਰ ਸਤਲੁਜ ਦੇ ਕੰਢੇ ਵਸਦੇ ਪਿੰਡ ਵਾਸੀਆਂ ਖਾਸ ਕਰਕੇ ਬੱਚਿਆਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨੰਗਲ ਡੈਮ ਤੋਂ ਦੋਵਾਂ ਨਹਿਰਾਂ ਵਿੱਚ ਸਮਰੱਥਾ ਅਨੁਸਾਰ ਪੂਰਾ ਪਾਣੀ ਛੱਡਿਆ ਜਾ ਰਿਹਾ ਹੈ। ਇਸ ਵਿੱਚ ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ ਅਤੇ ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10150 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਇਸ ਤੋਂ ਵੱਧ ਨਹਿਰ ਵਿੱਚ ਨਹੀਂ ਛੱਡਿਆ ਜਾ ਸਕਦਾ। ਜੇਕਰ ਸਹਿਯੋਗੀ ਰਾਜਾਂ ਤੋਂ ਮੰਗ ਵਧਦੀ ਹੈ ਤਾਂ ਸਤਲੁਜ ਦਰਿਆ ਵਿੱਚ ਸਿਰਫ਼ ਪਾਣੀ ਛੱਡਿਆ ਜਾਵੇਗਾ ਅਤੇ ਵੱਧ ਤੋਂ ਵੱਧ 7 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਇਸ ਵਾਰ ਭਾਖੜਾ ਡੈਮ ਵਿੱਚ ਪਾਣੀ ਪਿਛਲੇ ਸਾਲ ਨਾਲੋਂ ਕਰੀਬ 17 ਫੁੱਟ ਵੱਧ ਹੈ। ਇਹ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ 100 ਫੁੱਟ ਹੇਠਾਂ ਹੈ ਅਤੇ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਅੱਜ ਸਵੇਰ ਤੋਂ 22905 ਕਿਊਸਿਕ ਦੀ ਆਮਦ ਨਾਲ 1584.21 ਫੁੱਟ ਤੱਕ ਪਹੁੰਚ ਗਿਆ ਹੈ, ਜਦਕਿ ਭਾਖੜਾ ਡੈਮ ਤੋਂ ਵਾਲਵ ਰਾਹੀਂ 26500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ ਸਵੇਰ ਤੋਂ ਦੁਪਹਿਰ ਤੱਕ ਹਰ ਘੰਟੇ 1000 ਕਿਊਸਿਕ ਪਾਣੀ ਛੱਡਿਆ ਜਾਂਦਾ ਸੀ।
ਬੀਬੀਐਮਬੀ ਨੂੰ ਲੋਕਂ ਦੀ ਖਾਸ ਅਪੀਲ :ਪ੍ਰੰਤੂ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜੇ ਬੀਬੀਐਮਬੀ ਵੱਲੋਂ ਛੱਡਿਆ ਗਿਆ ਪਾਣੀ ਬਹੁਤ ਘੱਟ ਹੈ ਜੋ ਕਿ ਦਰਿਆ ਦੇ ਵਿੱਚ ਹੀ ਹੈ ਇਸ ਲਈ ਇਹ ਪਾਣੀ ਮੌਜੂਦਾ ਸਮੇਂ ਕੋਈ ਨੁਕਸਾਨ ਨਹੀਂ ਕਰ ਰਿਹਾ ਪ੍ਰੰਤੂ ਜਲਦ ਬਰਸਾਤ ਸ਼ੁਰੂ ਹੋਵੇਗੀ ਅਤੇ ਉਸ ਸਮੇਂ ਹਿਮਾਚਲ ਤੋਂ ਆਉਣ ਵਾਲੀ ਨਦੀਆਂ ਵੀ ਪਾਣੀ ਨਾਲ ਭਰੀਆਂ ਹੋਈਆਂ ਆਉਂਦੀਆਂ ਹੈ ਤੇ ਬੀਬੀਐਮਬੀ ਵੀ ਉਸ ਵੇਲੇ ਵੱਡੀ ਮਾਤਰਾ ਵਿੱਚ ਭਾਖੜਾ ਤੋਂ ਪਾਣੀ ਛੱਡਦਾ ਹੈ। ਇਹ ਸਾਰਾ ਪਾਣੀ ਸਤਲੁਜ ਦਰਿਆ ਵਿੱਚ ਇਕੱਠਾ ਹੁੰਦਾ ਹੈ ਜੋ ਕਿ ਆਸ ਪਾਸ ਦੇ ਪਿੰਡਾਂ ਵਿੱਚ ਮਾਰ ਕਰਦਾ ਹੈ।
ਬਰਸਾਤਾਂ ਤੋਂ ਪਹਿਲਾਂ ਪਹਿਲਾਂ ਵਾਧੂ ਪਾਣੀ ਕੱਢਿਆ ਜਾਵੇ : ਇਸ ਮੌਕੇ ਲੋਕਾਂ ਨੇ ਅਪੀਲ ਕੀਤੀ ਕਿ ਜੇਕਰ ਬੀਬੀਐਮਬੀ ਕੋਲ ਵਾਧੂ ਪਾਣੀ ਹੈ ਤਾਂ ਬਬੀਐਮਬੀ ਕੋਲ ਇਹ ਸਮਾਂ ਢੁਕਮਾ ਸਮਾਂ ਹੈ ਕਿ ਉਹ ਇਸ ਪਾਣੀ ਨੂੰ ਭਾਖੜਾ ਤੋਂ ਸਤਲੁਜ ਰਾਹੀਂ ਅੱਗੇ ਕੱਢ ਦੇਵੇ ਅਤੇ ਇਸ ਨਾਲ ਜਿੱਥੇ ਪਾਣੀ ਦੀ ਕਮੀ ਦੀ ਪੂਰਤੀ ਹੋਵੇਗੀ, ਉੱਥੇ ਹੀ ਸਤਲੁਜ ਦਰਿਆ ਦੇ ਕੰਢੇ 'ਤੇ ਵਸदे ਪਿੰਡਾਂ ਦੇ ਲੋਕਾਂ ਲਈ ਕੋਈ ਖਤਰਾ ਨਹੀਂ ਹੋਵੇਗਾ। ਇਸ ਮੌਕੇ ਲੋਕਾਂ ਨੇ ਕਿਹਾ ਕਿ ਜੇਕਰ ਇਹ ਪਾਣੀ ਬਰਸਾਤ ਦੇ ਦਿਨਾਂ ਵਿੱਚ ਪਿਛਲੀ ਵਾਰ ਦੀ ਤਰ੍ਹਾਂ ਹੀ ਕੱਢਿਆ ਗਿਆ ਤਾਂ ਫਿਰ ਇਹ ਸੰਭਾਵਨਾ ਹਮੇਸ਼ਾ ਬਣੀ ਰਹੇਗੀ ਕਿ ਹੜ ਵਰਗੀਆਂ ਸਥਿਤੀਆਂ ਪੈਦਾ ਹੋਣ।
ਜਲਦੀ ਤੋਂ ਜਲਦੀ ਕੰਸਟਰਕਸ਼ਨ ਦਾ ਕੰਮ ਪੂਰਾ ਕਰੇ ਪ੍ਰਸ਼ਾਸ਼ਨ : ਇਸ ਤੋਂ ਇਲਾਵਾ ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਪਿੰਡ ਚੰਦਪੁਰ ਬੇਲਾ ਅਤੇ ਹਰੀਵਾਲ ਦੇ ਨਜ਼ਦੀਕ ਚੱਲ ਰਿਹਾ ਕਰੇਟ ਵਾਲ ਦਾ ਕੰਮ ਬਹੁਤ ਹੀ ਧੀਮੀ ਗਤੀ ਨਾਲ ਚੱਲ ਰਿਹਾ ਹੈ। ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਹੀ ਕੰਸਟਰਕਸ਼ਨ ਮਟੀਰੀਅਲ ਅਤੇ ਲੇਬਰ ਨੂੰ ਕੰਮ ਵਾਲੀ ਜਗ੍ਹਾ 'ਤੇ ਲਗਾਇਆ ਜਾ ਸਕਦਾ ਹੈ ਅਤੇ ਜਦੋਂ ਇੱਕ ਵਾਰ ਬਰਸਾਤ ਸ਼ੁਰੂ ਹੋ ਗਈ ਫਿਰ ਇਸ ਸਥਾਨ 'ਤੇ ਕੋਈ ਵੀ ਕੰਮ ਨਹੀਂ ਹੋ ਸਕਦਾ ਕਿਉਂਕਿ ਬਰਸਾਤ ਦੇ ਦਿਨਾਂ ਵਿੱਚ ਜਿੱਥੇ ਰਸਤੇ ਬੰਦ ਹੁੰਦੇ ਹਨ, ਉੱਥੇ ਰਿਆ ਵਿੱਚ ਪਾਣੀ ਜ਼ਿਆਦਾ ਹੁੰਦਾ ਹੈ ਫਿਰ ਕੋਈ ਕੰਮ ਸਿਰੇ ਨਹੀਂ ਚੜ ਸਕਦਾ। ਇਸ ਲਈ ਪ੍ਰਸ਼ਾਸਨ ਜਲਦ ਤੋਂ ਜਲਦ ਕਰੇਟ ਵਾਲ ਲਗਾਉਣ ਦਾ ਕੰਮ ਵੀ ਪੂਰਾ ਕਰੇ।