ਬਰਨਾਲਾ: ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਕੁੱਝ ਘੰਟਿਆਂ ਦਾ ਸਮਾਂ ਬਾਕੀ ਹੈ। 20 ਨਵੰਬਰ ਨੂੰ ਸਵੇਰੇ ਸੱਤ ਵਜੇ ਤੋਂ ਸ਼ਾਮ 6 ਵਜੇ ਤੱਕ ਜ਼ਿਮਨੀ ਚੋਣ ਲਈ ਵੋਟਿੰਗ ਹੋਵੇਗੀ। ਸਾਰੀਆਂ ਸਿਆਸੀ ਪਾਰਟੀਆਂ ਵਲੋਂ ਪਿਛਲੇ ਦਿਨਾਂ ਵਿੱਚ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਗਿਆ। ਜਿਸ ਕਰਕੇ ਬਰਨਾਲਾ ਸੀਟ ਦਾ ਮੁਕਾਬਲਾ ਬਹੁਕੋਣਾ ਬਣਿਆ ਹੋਇਆ ਹੈ। ਇਸ ਚੋਣ ਵਿੱਚ ਮੁੱਖ ਤੌਰ 'ਤੇ ਆਮ ਆਦਮੀ ਪਾਰਟੀ, ਕਾਂਗਰਸ ਅਤੇ ਬੀਜੇਪੀ ਵਿੱਚ ਮੁਕਾਬਲਾ ਰਹਿਣ ਦੇ ਆਸਾਰ ਹਨ। ਪਰ ਆਮ ਆਦਮੀ ਪਾਰਟੀ ਦੇ ਬਾਗੀ ਗੁਰਦੀਪ ਸਿੰਘ ਬਾਠ ਦੇ ਆਜ਼ਾਦ ਚੋਣ ਲੜਨ ਨਾਲ ਮੁਕਾਬਲਾ ਦਿਲਚਸਪ ਬਣ ਗਿਆ ਹੈ।
ਹਰਿੰਦਰ ਧਾਲੀਵਾਲ, ਆਪ ਉਮੀਦਵਾਰ (ETV BHARAT) 'ਆਪ' ਉਮੀਦਵਾਰ ਨਹੀਂ ਪਾ ਸਕਦਾ ਵੋਟ
ਉਥੇ ਜੇਕਰ ਮੁੱਖ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਆਪਣੇ ਆਪ ਨੂੰ ਹੀ ਵੋਟ ਨਹੀਂ ਪਾ ਸਕੇਗਾ। ਹਰਿੰਦਰ ਸਿੰਘ ਧਾਲੀਵਾਲ ਸਾਰੀ ਚੋਣ ਪ੍ਰਕਿਰਿਆ ਦੌਰਾਨ ਹਲਕੇ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਲਈ ਵੋਟ ਪਾਉਣ ਦੀ ਅਪੀਲ ਕਰਦਾ ਰਿਹਾ ਹੈ, ਪਰ ਉਸਦੀ ਆਪਣੀ ਵੋਟ ਹਲਕੇ ਵਿੱਚ ਨਹੀਂ ਹੈ। ਉਹ ਗੁਆਂਢੀ ਹਲਕੇ ਮਹਿਲ ਕਲਾਂ ਦੇ ਪਿੰਡ ਛੀਨੀਵਾਲ ਦਾ ਰਹਿਣ ਵਾਲਾ ਹੈ। ਜਦਕਿ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਆਪਣੇ ਪਰਿਵਾਰ ਸਮੇਤ ਐਸਡੀ ਕਾਲਜ ਵਿੱਚ ਬਣੇ ਪੋਲਿੰਗ ਬੂਥ ਉਪਰ ਵੋਟ ਪਾਉਣਗੇ।
ਬਾਕੀ ਉਮੀਦਵਾਰ ਇੰਨ੍ਹਾਂ ਥਾਵਾਂ 'ਤੇ ਪਾ ਸਕਦੇ ਵੋਟਾਂ
ਕੇਵਲ ਸਿੰਘ ਢਿੱਲੋਂ, ਭਾਜਪਾ ਉਮੀਦਵਾਰ (ETV BHARAT) - ਜਦਕਿ ਬਾਕੀ ਉਮੀਦਵਾਰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਗੇ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਵੋਟ ਗੋਬਿੰਦ ਕਲੋਨੀ ਵਿੱਚ ਬਣੀ ਹੋਈ ਹੈ ਅਤੇ ਉਹ ਵੀ ਐਸਡੀ ਕਾਲਜ ਦੇ ਪੋਲਿੰਗ ਬੂਥ ਉਪਰ ਹੀ ਵੋਟ ਪਾਉਣਗੇ।
ਕੁਲਦੀਪ ਸਿੰਘ ਕਾਲਾ ਢਿੱਲੋਂ, ਕਾਂਗਰਸ ਉਮੀਦਵਾਰ (ETV BHARAT) - ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਸ਼ਹਿਰ ਦੇ ਹੰਡਿਆਇਆ ਰੋਡ ਉਪਰ ਗੁਰੂ ਤੇਗ ਬਹਾਦਰ ਨਗਰ ਦੇ ਰਹਿਣ ਵਾਲੇ ਹਨ। ਉਹ ਸਰਕਾਰੀ ਸਕੂਲ ਜੁਮਲਾ ਮਾਲਿਕਨ ਵਿਖੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਗੁਰਦੀਪ ਸਿੰਘ ਬਾਠ,ਆਜ਼ਾਦ ਉਮੀਦਵਾਰ (ETV BHARAT) - ਜਦਕਿ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਜ਼ਿਲ੍ਹਾ ਪ੍ਰਧਾਨ 'ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਗੁਰਦੀਪ ਸਿੰਘ ਬਾਠ ਸ਼ਕਤੀ ਨਗਰ ਦੇ ਰਹਿਣ ਵਾਲੇ ਹਨ, ਜੋ ਐਸਡੀ ਕਾਲਜ ਬਰਨਾਲਾ ਦੇ ਪੋਲਿੰਗ ਬੂਥ 'ਤੇ ਵੋਟ ਪਾਉਣਗੇ।
ਗੋਵਿੰਦ ਸਿੰਘ ਸੰਧੂ (ETV BHARAT) - ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਦੀ ਵੀ ਸ਼ਹਿਰ ਦੇ ਗੁਰਸੇਵਕ ਸਿੰਘ ਨਗਰ ਵਿੱਚ ਵੋਟ ਬਣੀ ਹੈ, ਜੋ ਗੁਰਸੇਵਕ ਨਗਰ ਦੇ ਸਰਕਾਰੀ ਸਕੂਲ ਵਿੱਚ ਵੋਟ ਪਾ ਸਕਣਗੇ।