ਬਰਨਾਲਾ:ਫੌਜ ਵਿੱਚ ਬਰਨਾਲਾ ਦੇ ਸਿਮਰਨਦੀਪ ਸਿੰਘ ਦੀ ਬੀਤੇ ਦਿਨ ਡਿਊਟੀ ਦੌਰਾਨ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਸੀ। ਫੌਜੀ ਜਵਾਨ ਸਿਮਰਨਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਬਰਨਾਲਾ ਪਹੁੰਚੀ ਅਤੇ ਉਸਦਾ ਪੂਰੇ ਫੌਜੀ ਸਨਮਾਨਾਂ ਨਾਲ ਬੰਦੂਕਾਂ ਨਾਲ ਸਲਾਮੀ ਦੇ ਕੇ ਅੰਤਿਮ ਸਸਕਾਰ ਕੀਤਾ ਗਿਆ। ਇਸ ਦੁਖਦਾਈ ਘਟਨਾ ਨੇ ਪੂਰੇ ਇਲਾਕੇ ਦਾ ਧਿਆਨ ਆਪਣੇ ਵੱਲ ਖਿੱਚਿਆ। ਮ੍ਰਿਤਕ ਫੌਜੀ ਜਵਾਨ ਦੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਪੁੱਤਰ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਉਸ ਦੀ ਯਾਦ ਵਿਚ ਪੂਰੇ ਸਨਮਾਨ ਨਾਲ ਯਾਦਗਾਰੀ ਬੁੱਤ ਸਥਾਪਿਤ ਕੀਤਾ ਜਾਵੇ।
ਇਸ ਮੌਕੇ ਫ਼ੌਜ ਦੇ ਅਧਿਕਾਰੀ ਸੂਬੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਸਿਪਾਹੀ ਸਿਮਰਦੀਪ ਸਿੰਘ 18 ਦਸੰਬਰ 2018 ਤੋਂ ਫ਼ੌਜ ਵਿੱਚ ਭਰਤੀ ਹੋਇਆ ਸੀ। ਇਸ ਨੇ 2019 ਵਿੱਚ ਯੂਪੀ ਦੇ ਫ਼ਤਹਿਗੜ੍ਹ ਵਿਖੇ ਉਹਨਾਂ ਕੋਲ ਹੀ ਟ੍ਰੇਨਿੰਗ ਕੀਤੀ ਸੀ। ਉਹ ਥਰੀ ਸਿੱਖ ਲਾਈ ਯੂਨਿਟ ਵਿੱਚ ਸੀ ਅਤੇ ਜੰਮੂ ਕਸ਼ਵੀਰ ਦੇ ਪੁੰਛ ਏਰੀਏ ਦੇ ਨੌਸ਼ਹਿਰਾ ਵਿੱਚ ਡਿਊਟੀ ਉੱਤੇ ਤੈਨਾਤ ਸੀ। ਇਸੇ ਦੌਰਾਨ ਕਿਸੇ ਕੋਰਸ ਦੇ ਲਈ ਅੰਬਾਲਾ ਆਇਆ ਹੋਇਆ ਸੀ, ਜਿੱਥੇ ਲੰਘੇ ਐਤਵਾਰ ਨੂੰ ਉਸਦੇ ਸੁੱਤੇ ਪਏ ਦੇ ਸੱਪ ਲੜ ਗਿਆ। ਇਸ ਕਾਰਨ ਉਸ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਮ੍ਰਿਤਕ ਬਹੁਤ ਹੋਣਹਾਰ ਅਤੇ ਹੁਸ਼ਿਆਰ ਲੜਕਾ ਸੀ। ਸਰਕਾਰ ਇਸ ਨੂੰ ਬਣਦਾ ਸਨਮਾਨ ਜ਼ਰੂਰ ਦੇਵੇ।