ਲੁਧਿਆਣਾ:ਜ਼ਿਲ੍ਹਾ ਲੁਧਿਆਣਾ ਦੇ ਵਿੱਚ ਭਾਜਪਾ ਆਗੂ ਉੱਤੇ ਜਾਨਲੇਵਾ ਹਮਲਾ ਹੋਇਆ ਹੈ। ਪੀੜਤ ਅਜੇਪਾਲ ਸਿੰਘ ਮੁਤਾਬਿਕ ਕੁੱਝ ਹਥਿਆਰ ਨਾਲ ਲੈਸ ਹਮਲਾਵਰਾਂ ਵੱਲੋਂ ਦੇਰ ਰਾਤ ਅਚਾਨਕ ਉਹਨਾਂ ਦੇ ਘਰ ਉੱਤੇ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਘਰ ਦੇ ਬਾਹਰ ਖੜੀ ਗੱਡੀ ਦੀ ਵੀ ਭੰਨ ਤੋੜ ਕੀਤੀ ਗਈ, ਉਹਨਾਂ ਕਿਹਾ ਕਿ ਇਲਾਕੇ ਵਿੱਚ ਕੁੱਝ ਨੌਜਵਾਨ ਨਸ਼ੇ ਦਾ ਕੰਮ ਕਰਦੇ ਹਨ ਅਤੇ ਜਦੋਂ ਉਨ੍ਹਾਂ ਨੇ ਨਸ਼ੇ ਦੇ ਤਸਕਰਾਂ ਦਾ ਵਿਰੋਧ ਕੀਤਾ ਤਾਂ ਹੁਣ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ।
ਲੁਧਿਆਣਾ 'ਚ ਭਾਜਪਾ ਆਗੂ ਦੇ ਘਰ 'ਤੇ ਹਮਲਾ, ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਕੀਤੀ ਭੰਨ ਤੋੜ
ਲੁਧਿਆਣਾ ਵਿੱਚ ਭਾਜਪਾ ਆਗੂ ਅਜੇਪਾਲ ਸਿੰਘ ਦੇ ਘਰ ਉੱਤੇ ਹਮਲਾ ਹੋਇਆ ਅਤੇ ਇਸ ਦੌਰਾਨ ਉਹ ਖੁਦ ਵੀ ਜ਼ਖ਼ਮੀ ਹੋਏ ਹਨ।
Published : Dec 3, 2024, 12:36 PM IST
ਘਰ ਅੰਦਰ ਮਾਰੇ ਇੱਟਾਂ-ਰੋੜੇ
ਪੀੜਤ ਭਾਜਪਾ ਆਗੂ ਅਜੇਪਾਲ ਨੇ ਕਿਹਾ ਕਿ ਨਸ਼ਾ ਤਸਕਰਾਂ ਦੇ ਹੌਂਸਲੇ ਇੰਨੇ ਜ਼ਿਆਦਾ ਬੁਲੰਦ ਹਨ ਕਿ ਉਨ੍ਹਾਂ ਨੇ ਘਰ ਦੇ ਅੰਦਰ ਤੱਕ ਵੜਨ ਦੀ ਕੋਸ਼ਿਸ਼ ਕੀਤੀ। ਮੌਕੇ ਉੱਤੇ ਦਰਵਾਜ਼ਾ ਬੰਦ ਕੀਤੇ ਜਾਣ ਕਰਕੇ ਹਮਲਾਵਰ ਘਰ ਅੰਦਰ ਦਾਖਿਲ ਨਹੀਂ ਹੋ ਸਕੇ ਤਾਂ ਉਨ੍ਹਾਂ ਨੇ ਇੱਟਾਂ-ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਜਿੱਥੇ ਉਨ੍ਹਾਂ ਦੇ ਘਰ ਦਾ ਨੁਕਸਾਨ ਹੋਇਆ ਉੱਥੇ ਹੀ ਗੱਡੀ ਦੀ ਵੀ ਭੰਨਤੋੜ ਹੋਈ ਹੈ। ਦੂਜੇ ਪਾਸੇ ਅਜੇਪਾਲ ਸਿੰਘ ਨੂੰ ਵੀ ਹਮਲਾਵਰ ਜ਼ਖ਼ਮੀ ਕਰਕੇ ਗਏ ਹਨ।
'ਆਪ' ਵਿਧਾਇਕ ਉੱਤੇ ਲਾਏ ਗੰਭੀਰ ਇਲਜ਼ਾਮ
ਉਹਨਾਂ ਕਿਹਾ ਕਿ 25 ਤੋਂ 30 ਹਥਿਆਰਬੰਦਾਂ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਉਹਨਾਂ ਕਿਹਾ ਕਿ ਬਦਮਾਸ਼ ਸ਼ਰੇਆਮ ਘੁੰਮਦੇ ਅਤੇ ਭੰਨ ਤੋੜ ਕਰਦੇ ਹਨ ਪਰ ਪੁਲਿਸ ਇਹਨਾਂ ਉੱਤੇ ਕੋਈ ਨਕੇਲ ਨਹੀਂ ਕੱਸ ਰਹੀ। ਅਜੇਪਾਲ ਨੇ ਆਪ ਵਿਧਾਇਕ ਦਾ ਅਸ਼ੋਕ ਪਰਾਸ਼ਰ ਦਾ ਨਾਮ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਇਸ਼ਾਰੇ ਉੱਤੇ ਸਭ ਹੋ ਰਿਹਾ ਹੈ। ਜਦੋਂ ਵੀ ਪੁਲਿਸ ਨਸ਼ਾ ਤਸਕਰਾਂ ਅਤੇ ਬਦਮਾਸ਼ਾਂ ਨੂੰ ਫੜ੍ਹਦੀ ਹੈ ਤਾਂ ਸਭ ਤੋਂ ਪਹਿਲਾਂ ਵਿਧਾਇਕ ਖੁੱਦ ਉਨ੍ਹਾਂ ਦਾ ਮਸੀਹਾ ਬਣ ਕੇ ਅਜ਼ਾਦ ਕਰਵਾਉਣ ਲਈ ਪਹੁੰਚ ਜਾਂਦੇ ਹਨ। ਹਾਲਾਂਕਿ ਇਸ ਸਬੰਧੀ ਉਹਨਾਂ ਵੱਲੋਂ ਪੁਲਿਸ ਸਟੇਸ਼ਨ ਥਾਣਾ ਦਰੇਸੀ ਦੇ ਵਿੱਚ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ।