ਸੰਗਰੂਰ:ਪੰਜਾਬਹਰਿਆਣਾ ਸਰਹੱਦ ਉਤੇ ਕਿਸਾਨਧਰਨੇ ਦੌਰਾਨ ਅੱਜ ਇੱਕ ਹੋਰ ਕਿਸਾਨ ਦੀ ਜਾਨ ਚਲੇ ਗਈ ਹੈ। ਦਰਅਸਲ ਖਨੌਰੀ ਬਾਰਡਰ 'ਤੇ ਅੰਦੋਲਨ ਦੇ 15ਵੇਂ ਦਿਨ ਇੱਕ 50 ਸਾਲ ਦੇ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦਾ ਨਾਮ ਕਰਨੈਲ ਸਿੰਘ ਸੀ। ਜੋ ਕਿ ਪਟਿਆਲਾ ਦੇ ਪਿੰਡ ਰਨੋ ਦਾ ਰਹਿਣ ਵਾਲਾ ਸੀ। ਕਿਸਾਨਾਂ ਅਨੁਸਾਰ ਖਨੌਰੀ ਸਰਹੱਦ ’ਤੇ ਹੜਤਾਲ ’ਤੇ ਬੈਠੇ 50 ਸਾਲਾਂ ਕਿਸਾਨ ਕਰਨੈਲ ਸਿੰਘ ਪੁੱਤਰ ਨਿਹਾਲ ਸਿੰਘ ਦੀ ਅਚਾਨਕ ਸਿਹਤ ਵਿਗੜ ਗਈ ਸੀ। ਜਿਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ। ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪਹਿਲਾਂ ਵੀ ਗਈ ਕਿਸਾਨਾਂ ਦੀ ਜਾਨ: ਇਸ ਤੋਂ ਪਹਿਲਾਂ ਵੀ ਕਈ ਕਿਸਾਨ ਆਗੂਆਂ ਦੀ ਮੌਤ ਹੋ ਚੁਕੀ ਹੈ। ਜਿੰਨਾ ਵਿੱਚ ਕਈ ਕਿਸਾਨ ਦਿਲ ਦਾ ਦੋਰਾ ਪੈਣ ਕਰਕੇ ਦੁਨੀਆ ਤੋਂ ਗਏ ਹਨ ਅਤੇ ਕਈ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਪੁਲਿਸ ਦੇ ਤਸ਼ੱਦਦ ਵਿੱਚ ਜਾਨ ਗਵਾ ਗਏ ਹਨ। ਜਿੰਨਾ ਲਈ ਅੱਜ ਤੱਕ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 26 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ (SKM) ਨੇ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੱਢਿਆ ਸੀ। ਅੰਦੋਲਨਕਾਰੀ ਜਥੇਬੰਦੀਆਂ ਨੇ ਵਿਸ਼ਵ ਵਪਾਰ ਸੰਗਠਨ ਦੇ ਪੁਤਲੇ ਫੂਕੇ ਗਏ।
ਦਿੱਲੀ ਮਾਰਚ ਬਾਰੇ ਅੰਤਿਮ ਫੈਸਲਾ 28 ਫਰਵਰੀ ਨੂੰ:ਦਿੱਲੀ ਮਾਰਚ 29 ਫਰਵਰੀ ਤੱਕ ਮੁਲਤਵੀ ਕਰਨ ਤੋਂ ਬਾਅਦ ਕਿਸਾਨ ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਖੜ੍ਹੇ ਹਨ। ਜ਼ਿਕਰਯੋਗ ਹੈ ਕਿ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅੱਜ ਰਾਸ਼ਟਰੀ ਪੱਧਰ ਦੀ ਮੀਟਿੰਗ ਕਰਨਗੇ। ਇਸ ਵਿੱਚ ਦਿੱਲੀ ਮਾਰਚ ਬਾਰੇ ਚਰਚਾ ਕੀਤੀ ਜਾਵੇਗੀ। ਦਿੱਲੀ ਮਾਰਚ ਬਾਰੇ ਅੰਤਿਮ ਫੈਸਲਾ 28 ਫਰਵਰੀ ਨੂੰ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਅੰਦੋਲਨ ਦੇ ਆਗਾਜ਼ ਤੋਂ ਬਾਅਦ ਹਰਿਆਣਾ 'ਚ ਸਰਕਾਰ ਨੇ 7 ਜ਼ਿਲਿਆਂ 'ਚ ਇੰਟਰਨੈੱਟ 'ਤੇ ਪਾਬੰਦੀ ਲਗਾ ਦਿੱਤੀ ਹੈ। ਤਾਂ ਜੋ ਲੋਕਾਂ ਵੱਲੋਂ ਕਿਸੇ ਤਰ੍ਹਾਂ ਦੀ ਅਫਵਾਹ ਜਾਂ ਫਿਰ ਉਤੇਜਕ ਹੋ ਕੇ ਜਾਣਕਾਰੀ ਨਾ ਫੈਲਾਈ ਜਾਵੇ। ਇਨ੍ਹਾਂ ਵਿੱਚ ਹਿਸਾਰ, ਜੀਂਦ, ਕੈਥਲ, ਕੁਰੂਕਸ਼ੇਤਰ, ਅੰਬਾਲਾ, ਫਤਿਹਾਬਾਦ ਅਤੇ ਸਿਰਸਾ ਜ਼ਿਲ੍ਹੇ ਸ਼ਾਮਲ ਸਨ। ਹਾਲਾਂਕਿ, ਇਸਨੂੰ 24 ਫਰਵਰੀ ਦੀ ਰਾਤ ਨੂੰ ਹਟਾ ਦਿੱਤਾ ਗਿਆ ਸੀ। ਕੇਂਦਰ ਸਰਕਾਰ ਨੇ ਪੰਜਾਬ ਦੇ 7 ਜ਼ਿਲ੍ਹਿਆਂ ਦੇ 19 ਖੇਤਰਾਂ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਹੈ। ਇਨ੍ਹਾਂ ਵਿੱਚ ਪਟਿਆਲਾ, ਮੁਹਾਲੀ, ਬਠਿੰਡਾ, ਫਤਹਿਗੜ੍ਹ ਸਾਹਿਬ, ਮੁਕਤਸਰ, ਮਾਨਸਾ ਅਤੇ ਸੰਗਰੂਰ ਜ਼ਿਲ੍ਹੇ ਸ਼ਾਮਲ ਹਨ।