ਗੋਲਡੀ ਬਰਾੜ ਦੇ ਗੁਰਗੇ ਕਾਬੂ (ETV BHARAT) ਅੰਮ੍ਰਿਤਸਰ: ਬੀਤੇ ਦਿਨ ਅੰਮ੍ਰਿਤਸਰ ਪੁਲਿਸ ਵੱਲੋਂ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨਾਂ ਵੱਲੋਂ ਚੰਡੀਗੜ੍ਹ ਵਿੱਚ ਗੋਲੀ ਚਲਾਉਂਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਅੰਮ੍ਰਿਤਸਰ ਦੀ ਪੁਲਿਸ ਨੂੰ ਹੋਰ ਇਸ ਕੇਸ ਵਿੱਚ ਸਫਲਤਾ ਮਿਲਦੀ ਹੋਈ ਨਜ਼ਰ ਆਈ, ਜਦੋਂ ਉਹਨਾਂ ਵੱਲੋਂ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਫੜੇ ਗਏ ਮੁਲਜ਼ਮਾਂ ਦੇ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ 'ਚ ਗੋਲਡੀ ਬਰਾੜ ਨਾਲ ਜੁੜੇ ਜਿੰਨੇ ਵੀ ਹੋਰ ਅੱਗੇ ਲਿੰਕ ਸਾਹਮਣੇ ਆਉਣਗੇ, ਉਨ੍ਹਾਂ ਦੀ ਜ਼ਰੂਰ ਪੜਤਾਲ ਕੀਤੀ ਜਾਵੇਗੀ।
ਚੰਡੀਗੜ੍ਹ 'ਚ ਗੋਲੀਆਂ ਚਲਾਉਣ ਦੇ ਮਾਮਲੇ 'ਚ ਗ੍ਰਿਫ਼ਤਾਰੀਆਂ
ਦੱਸ ਦਈਏ ਕਿ ਵਿਦੇਸ਼ 'ਚ ਬੈਠੇ ਗੈਂਗਸਟਰ ਗੋਲਡੀ ਬਰਾੜ ਵਲੋਂ ਪੰਜਾਬ ਵਿੱਚ ਅਕਸਰ ਹੀ ਲੋਕਾਂ ਤੋਂ ਫਿਰੌਤੀਆਂ ਮੰਗਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਉਥੇ ਹੀ ਪੰਜਾਬ ਪੁਲਿਸ ਨੇ ਵੀ ਗੋਲਡੀ ਬਰਾੜ ਦੇ ਖਿਲਾਫ ਆਪਣੀ ਮੁਹਿੰਮ ਛੇੜੀ ਹੋਈ ਹੈ ਅਤੇ ਉਥੇ ਹੀ ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਪਿਛਲੇ ਦਿਨੀਂ ਚੰਡੀਗੜ੍ਹ ਵਿੱਚ ਹੋਏ ਇੱਕ ਗੋਲੀਬਾਰੀ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਪੁਲਿਸ ਵੱਲੋਂ ਕੀਤਾ ਗਿਆ ਹੈ।
ਪੁਲਿਸ ਨੇ ਗੋਲਡੀ ਬਰਾੜ ਦੇ ਤਿੰਨ ਸਾਥੀ ਕੀਤੇ ਕਾਬੂ
ਉਥੇ ਅੰਮ੍ਰਿਤਸਰ ਦੇ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਪਹਿਲਾਂ ਹੀ ਗੋਲਡੀ ਬਰਾੜ ਦੇ ਦੋ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਸੇ ਦੇ ਹੀ ਅੱਗੇ ਅਸੀਂ ਹੋਰ ਲਿੰਕ ਟਰੇਸ ਕੀਤੇ ਹਨ, ਜਿਸ ਵਿੱਚ ਤਿੰਨ ਹੋਰ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਹੁਣ ਕਾਬੂ ਕੀਤੇ ਇਹਨਾਂ ਮੁਲਜ਼ਮਾਂ ਦੇ ਵੱਲੋਂ ਹੀ ਵਾਰਦਾਤ ਕਰਨ ਵਾਲੇ ਮੁਲਜ਼ਮਾਂ ਨੂੰ ਕਮਰੇ ਸਣੇ ਕਈ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਸਨ। ਜਿਸ ਨੂੰ ਲੈ ਕੇ ਪੁਲਿਸ ਵੱਲੋਂ ਇਹਨਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।
ਪੁਲਿਸ ਨੇ ਲੋਕਾਂ ਨੂੰ ਕੀਤੀ ਇਹ ਅਪੀਲ
ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਇਹ ਅਪੀਲ ਕੀਤੀ ਕਿ ਅਸੀਂ ਗੋਲਡੀ ਬਰਾੜ ਦੇ ਮਗਰ ਗੈਂਗਸਟਰ ਸ਼ਬਦ ਲਗਾਉਣਾ ਛੱਡ ਦਈਏ ਕਿਉਂਕਿ ਗੈਂਗਸਟਰ ਸ਼ਬਦ ਦੇ ਨਾਲ ਨੌਜਵਾਨ ਪੀੜੀ ਇਸ ਤੋਂ ਜ਼ਰੂਰ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਜਦੋਂ ਇਸ ਤਰ੍ਹਾਂ ਦੀਆਂ ਵੀਡੀਓ ਚੱਲਦੀਆਂ ਹਨ ਤਾਂ ਨੌਜਵਾਨਾਂ ਦੇ ਮਨਾਂ ਵਿੱਚ ਇਸ ਨੂੰ ਲੈ ਕੇ ਇੱਕ ਅਲੱਗ ਹੀ ਅਨੁਭਵ ਪੈਦਾ ਹੁੰਦਾ ਹੈ, ਜਿਸ ਨਾਲ ਨੌਜਵਾਨ ਗੈਂਗਸਟਰ ਬਣਨ ਲਈ ਮਜਬੂਰ ਹੁੰਦੇ ਹਨ। ਉਥੇ ਹੀ ਡੀਸੀਪੀ ਵੱਲੋਂ ਗੋਲਡੀ ਬਰਾੜ ਦੇ ਹੋਰ ਵੀ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕੀਤੀ ਗਈ ਹੈ। ਹਾਲਾਂਕਿ ਡੀਸੀਪੀ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ।