ਅੰਮ੍ਰਿਤਸਰ :ਬੀਤੇ ਕੁਝ ਦਿਨ ਪਹਿਲਾਂ ਪੰਜਾਬ ਦੇ ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 21 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਗਈ। ਪਰ ਮੁੱਖ ਮੰਤਰੀ ਮਾਨ ਦੀ ਇਸ ਪਰਿਵਾਰ ਮਿਲਣੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਆਪ ਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ ਹੈ।
ਸੀਐਮ ਨੂੰ ਪੰਜਾਬ ਨਹੀਂ ਦਿੱਲੀ ਨਾਲ ਹੈ ਜ਼ਿਆਦਾ ਮੋਹ:ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਈ ਸਵਾਲ ਪੁੱਛੇ ਗਏ ਹਨ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਦਿੱਲੀ ਜਾ ਕੇ ਭਗਵੰਤ ਮਾਨ ਕੇਜਰੀਵਾਲ ਦੇ ਹੱਕ 'ਚ ਧਰਨਾ ਲਗਾ ਸਕਦਾ ਹੈ ਤਾਂ ਜਹਰੀਲੀ ਸ਼ਰਾਬ ਪੀਣ ਕਰਕੇ 21 ਲੋਕਾਂ ਦੀ ਜਾਨ ਜਾਣ ਨੂੰ ਲੈ ਕੇ ਉਹਨਾਂ ਵੱਲੋਂ ਪ੍ਰਦਰਸ਼ਨ ਕਿਉਂ ਨਹੀਂ ਕੀਤਾ ਜਾ ਰਿਹਾ। ਦੋਸ਼ੀਆਂ ਨੁੰ ਸਜ਼ਾ ਕਿਊਂ ਨਹੀਂ ਦਿੱਤੀ ਜਾ ਰਹੀ। ਇਨਾਂ ਹੀ ਨਹੀਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇੱਥੇ ਜ਼ਹਿਰੀਲੀ ਸ਼ਰਾਬ ਨਾਲ ਲੋਕ ਮਰ ਰਹੇ ਸਨ,ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਪੰਜਾਬ ਦੇ ਲੋਕ ਨਹੀਂ ਬਲਕਿ ਸ਼ਰਾਬ ਘੁਟਾਲੇ 'ਚ ਗਿਰਫਤਾਰ ਕੀਤੇ ਦਿੱਲੀ ਦੇ ਮੁੱਖ ਮੰਤਰੀ ਦੇ ਪਰਿਵਾਰ ਨੂੰ ਮਿਲਣਾ ਜ਼ਿਆਦਾ ਜ਼ਰੂਰੀ ਸੀ। ਮਜੀਠੀਆ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਭਗਵੰਤ ਸਿੰਘ ਮਾਨ ਹਮੇਸ਼ਾ ਹੀ ਦਿੱਲੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਲੇਕਿਨ ਉਹਨਾਂ ਵੱਲੋਂ ਕਦੀ ਵੀ ਪੰਜਾਬ ਦੀ ਸਾਰ ਨਹੀਂ ਲਈ ਗਈ।