ਲੁਧਿਆਣਾ: ਪੂਰੇ ਉੱਤਰ ਭਾਰਤ ਦੇ ਵਿੱਚ ਪ੍ਰਦੂਸ਼ਣ ਸਿਖਰਾਂ ਉੱਤੇ ਹੈ ਅਤੇ ਖਾਸ ਕਰਕੇ ਸ਼ਹਿਰੀ ਇਲਾਕਿਆਂ ਦੇ ਵਿੱਚ ਏਅਰ ਕੁਆਲਿਟੀ ਇੰਡੈਕਸ ਆਮ ਨਾਲੋਂ ਕਿਤੇ ਜਿਆਦਾ ਵੱਧ ਗਿਆ ਹੈ, ਜਿਸ ਕਰਕੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਅਤੇ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਏਅਰ ਕੁਆਲਿਟੀ ਇੰਡੈਕਸ ਦਾ ਪੱਧਰ 300 ਤੋਂ ਪਾਰ (ETV BHARAT PUNJAB (ਰਿਪੋਟਰ,ਲੁਧਿਆਣਾ))
ਕਿਹੜੇ ਸ਼ਹਿਰ 'ਚ ਕਿੰਨਾ ਪ੍ਰਦੂਸ਼ਣ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਬੀਤੇ ਦਿਨੀ 4 ਵਜੇ ਤੱਕ ਦੇ ਜਾਰੀ ਕੀਤੇ ਗਏ ਬੁਲਟਿਨ ਦੇ ਮੁਤਾਬਿਕ ਪੰਜਾਬ ਦੇ ਜੇਕਰ ਵੱਖ-ਵੱਖ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਏਅਰ ਕੁਆਲਿਟੀ ਇੰਡੈਕਸ 237 ਰਿਹਾ ਹੈ ਜੋ ਕਿ ਖਰਾਬ ਕੈਟਾਗਰੀ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਬਠਿੰਡਾ ਵਿੱਚ ਏਅਰ ਕੁਆਲਿਟੀ ਇੰਡੈਕਸ 172, ਚੰਡੀਗੜ੍ਹ ਦੇ ਵਿੱਚ ਹਾਲਾਤ ਜ਼ਿਆਦਾ ਖਰਾਬ ਹਨ। ਚੰਡੀਗੜ੍ਹ ਵਿੱਚ 339 ਏਅਰ ਕੁਆਲਿਟੀ ਇੰਡੈਕਸ ਹੈ ਜੋ ਕਿ ਬਹੁਤ ਬੁਰੀ ਕੈਟਾਗਰੀ ਦੇ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਹਾਲਾਤ ਵੀ ਖਰਾਬ ਹਨ ਅਤੇ ਇੱਥੇ 334 ਏਅਰ ਕੁਆਲਿਟੀ ਇੰਡੈਕਸ ਹੈ। ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ 218 ਰਿਹਾ ਹੈ ਜੋ ਕਿ ਖਰਾਬ ਕੈਟਾਗਰੀ ਦੇ ਵਿੱਚ ਹੈ। ਇਸੇ ਤਰ੍ਹਾਂ ਰੂਪਨਗਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ 190 ਏਅਰ ਕੁਆਲਿਟੀ ਇੰਡੈਕਸ ਰਿਹਾ ਹੈ।
ਇੱਕ ਦੂਜੇ 'ਤੇ ਇਲਜ਼ਾਮ
ਵੱਧ ਰਹੇ ਪ੍ਰਦੂਸ਼ਣ ਸਬੰਧੀ ਜਦੋਂ ਅਸੀਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਦਿਵਾਲੀ ਦਾ ਪ੍ਰਦੂਸ਼ਣ ਦਾ ਇੱਕ ਜਾਂ ਦੋ ਦਿਨ ਹੁੰਦਾ ਹੈ ਪਰ ਹੁਣ ਇਹ ਜੋ ਪ੍ਰਦੂਸ਼ਣ ਹੈ ਉਹ ਪਰਾਲੀ ਨੂੰ ਅੱਗ ਲਾਉਣ ਦਾ ਹੈ। ਉਹਨਾਂ ਕਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਅਕਸਰ ਹੀ ਪ੍ਰਦੂਸ਼ਣ ਹੋ ਜਾਂਦਾ ਹੈ ਜਿਸ ਦਾ ਅਸਰ ਆਮ ਇਨਸਾਨਾਂ ਉੱਤੇ ਪੈਂਦਾ ਹੈ। ਬੱਚੇ ਅਤੇ ਬਜ਼ੁਰਗ ਬਿਮਾਰ ਹੁੰਦੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਉੱਤੇ ਠੱਲ ਪਾਉਣੀ ਚਾਹੀਦੀ ਹੈ। ਜਦੋਂ ਕਿ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਪਰਾਲੀ ਦਾ ਪ੍ਰਦੂਸ਼ਣ 10 ਦਿਨ ਦਾ ਜਰੂਰ ਹੁੰਦਾ ਹੈ ਪਰ ਬਾਕੀ ਪੂਰਾ ਸਾਲ ਇੰਡਸਟਰੀ ਅਤੇ ਗੱਡੀਆਂ ਦਾ ਜੋ ਪ੍ਰਦਰਸ਼ਨ ਹੁੰਦਾ ਹੈ ਉਸ ਉੱਤੇ ਸਰਕਾਰ ਠੱਲ ਕਿਉਂ ਨਹੀਂ ਪਾਉਂਦੀ, ਉਹਨਾਂ ਕਿਹਾ ਕਿ 76 ਫੀਸਦੀ ਪ੍ਰਦੂਸ਼ਣ ਫੈਕਟਰੀਆਂ ਦਾ ਹੈ ਜਦੋਂ ਕਿ ਪਰਾਲੀ ਦਾ ਸਿਰਫ 9 ਫੀਸਦੀ ਪ੍ਰਦੂਸ਼ਣ ਹੈ।
ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਘਟੇ
ਇਸ ਸਬੰਧੀ ਜਦੋਂ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਜਤਿੰਦਰ ਜੌਰਵਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦੇ 70 ਫੀਸਦੀ ਮਾਮਲੇ ਘੱਟ ਆਏ ਹਨ। ਕਿਸਾਨਾਂ ਨੇ ਇਸ ਵਾਰ ਪਰਾਲੀ ਨੂੰ ਘਾਟਾ ਅੱਗ ਲਾਈ ਹੈ। ਡੀਸੀ ਨੇ ਕਿਹਾ ਕਿ ਲਗਾਤਾਰ ਟੀਮਾਂ ਦਾ ਗਠਨ ਕੀਤਾ ਗਿਆ ਸੀ। ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਗਰੂਕ ਕੀਤਾ ਗਿਆ ਸੀ ਅਤੇ ਉਸ ਦਾ ਅਸਰ ਹੁਣ ਜ਼ਮੀਨੀ ਪੱਧਰ ਉੱਤੇ ਵਿਖਾਈ ਦੇ ਰਿਹਾ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਿਕ ਕਾਰਵਾਈਆਂ ਕੀਤੀ ਜਾ ਰਹੀਆਂ ਹਨ।