ਫੈਕਟਰੀ ਮਾਲਕ ਖ਼ਿਲਾਫ਼ ਕਾਰਵਾਈ ਦੀ ਮੰਗ (ETV BHARAT PUNJAB (ਰਿਪੋਟਰ,ਬਠਿੰਡਾ)) ਬਠਿੰਡਾ:ਡੱਬਵਾਲੀ ਰੋਡ ਉੱਤੇ ਪਿੰਡ ਗਹਿਰੀ ਬੁੱਟਰ ਵਿਖੇ ਰਾਤ ਸਮੇਂ ਗੱਦਿਆਂ ਦੀ ਫੈਕਟਰੀ ਵਿੱਚ ਲੱਗੀ ਅੱਗ ਦੌਰਾਨ ਜਿੱਥੇ ਫੈਕਟਰੀ ਅੰਦਰ ਵੱਡਾ ਨੁਕਸਾਨ ਹੋਇਆ ਹੈ ਉੱਥੇ ਹੀ ਫੈਕਟਰੀ ਵਿੱਚ ਕੰਮ ਕਰਦੇ ਤਿੰਨ ਨੌਜਵਾਨਾਂ ਦੀ ਮੌਤ ਵੀ ਜ਼ਿੰਦਾ ਸੜਨ ਕਾਰਣ ਹੋਈ ਹੈ। ਦਰਦਨਾਕ ਮੌਤਾਂ ਤੋਂ ਬਾਅਦ ਕਿਸਾਨ ਯੂਨੀਅਨ, ਮ੍ਰਿਤਕ ਨੌਜਵਾਨ ਦੇ ਪਿੰਡ ਵਾਸੀ ਅਤੇ ਪਰਿਵਾਰਿਕ ਮੈਂਬਰਾਂ ਨੇ ਫੈਕਟਰੀ ਅੱਗੇ ਧਰਨਾ ਲਗਾ ਕੇ ਇਨਸਾਫ ਦੀ ਮੰਗ ਕੀਤੀ ਹੈ
ਪ੍ਰਦਰਸ਼ਨਕਾਰੀਆਂ ਨੇ ਲਾਏ ਲਾਪਰਵਾਹੀ ਦੇ ਇਲਜ਼ਾਮ
ਤਿੰਨ ਨੌਜਵਾਨਾਂ ਦੀ ਮੌਤ ਉੱਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਸਿੱਧੂਪੁਰ ਵੱਲੋਂ ਫੈਕਟਰੀ ਅੱਗੇ ਧਰਨਾ ਲਗਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਇਲਜ਼ਾਮ ਲਾਇਆ ਕਿ ਫੈਕਟਰੀ ਮਾਲਕ ਦੀ ਅਣਗਹਿਲੀ ਕਾਰਨ ਨੌਜਵਾਨਾਂ ਦੀ ਮੌਤ ਹੋਈ ਹੈ। ਜਿਸ ਵਿੱਚ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ ਜਿਸ ਨੇ ਇਸ ਫੈਕਟਰੀ ਨੂੰ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਕੰਮ ਚਲਾਉਣ ਅਤੇ ਫੈਕਟਰੀ ਲਾਉਣ ਦੀ ਇਜਾਜ਼ਤ ਦਿੱਤੀ ਹੈ।
ਫੈਕਟਰੀ ਮਾਲਕ ਖਿਲਾਫ ਹੋਵੇ ਸਖ਼ਤ ਕਾਰਵਾਈ
ਕਿਸਾਨਾਂ ਮੁਤਾਬਿਕ ਫੈਕਟਰੀ ਅੰਦਰ ਅੱਗ ਬੁਝਾਉਣ ਦੇ ਯੋਗ ਪ੍ਰਬੰਧ ਨਹੀਂ ਸਨ, ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ। ਉਹਨਾਂ ਮੰਗ ਕੀਤੀ ਕਿ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਫੈਕਟਰੀ ਮਾਲਕ ਖਿਲਾਫ ਮਾਮਲਾ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਵੇ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜਿੰਨਾ ਸਮਾਂ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਸੰਘਰਸ਼ ਜਾਰੀ ਰਹੇਗਾ।
ਚਾਰ ਨੌਜਵਾਨਾਂ ਨੇ ਭੱਜ ਕੇ ਬਚਾਈ ਜਾਨ
ਦੱਸ ਦਈਏ ਬੀਤੀ ਦੇਰ ਰਾਤ ਹੈਰੀਟੇਜ ਗੱਦਾ ਫੈਕਟਰੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ ਅੱਗ। ਬੇਸ਼ੱਕ ਰਾਤ ਸਮੇਂ ਪ੍ਰਸ਼ਾਸਨ ਨੇ ਬਠਿੰਡਾ ਡੱਬਵਾਲੀ ਅਤੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਕੇ ਅੱਗ ਉੱਤੇ ਕਾਬੂ ਪਾਇਆ ਪਰ ਇਸ ਅੱਗ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜਦੋਂ ਕਿ ਚਾਰ ਨੌਜਵਾਨਾਂ ਨੇ ਆਪਣੀ ਭੱਜ ਕੇ ਜਾਨ ਬਚਾਈ।