ਦੁਬਈ ਤੋਂ ਕਪੂਰਥਲਾ ਲਿਆਉਂਦੀ ਗਈ ਨੌਜਵਾਨ ਜਗਬੀਰ ਸਿੰਘ ਮ੍ਰਿਤਕ ਦੇਹ (ਪੱਤਰਕਾਰ, ਕਪੂਰਥਲਾ) ਅੰਮ੍ਰਿਤਸਰ/ਕਪੂਰਥਲਾ : ਅਕਸਰ ਹੀ ਪੰਜਾਬ ਦੇ ਲੋਕਾਂ ਲਈ ਮਸੀਹਾ ਬਣ ਕੇ ਮਦਦ ਕਰਨ ਵਾਲੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਇੱਕ ਹੋਰ ਪੰਜਾਬੀ ਪਰਿਵਾਰ ਦੀ ਮਦਦ ਕੀਤੀ ਗਈ ਹੈ। ਜਿਨ੍ਹਾਂ ਦੇ ਯਤਨਾਂ ਸਦਕਾ ਅੱਜ ਕਪੂਰਥਲਾ ਜ਼ਿਲ੍ਹੇ ਦੇ ਕਸਬਾ ਸਿੱਧਵਾਂ ਦੋਨਾਂ ਨੇੜਲੇ ਪਿੰਡ ਥਿਗਲੀ ਨਾਲ ਸਬੰਧਿਤ 33 ਸਾਲਾ ਜਗਬੀਰ ਸਿੰਘ ਪੁੱਤਰ ਬਲਕਾਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਲਿਆਂਦਾ ਗਿਆ।
5 ਸਾਲ ਪਹਿਲਾਂ ਦੁਬਈ ਗਿਆ
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਬਜ਼ੁਰਗ ਮਾਪਿਆਂ ਦਾ ਇੱਕਲੌਤਾ ਸਹਾਰਾ ਜਗਬੀਰ ਸਿੰਘ, ਜਿਸ ਨੇ ਅਜੇ ਤੱਕ ਵਿਆਹ ਵੀ ਨਹੀਂ ਸੀ ਕਰਵਾਇਆ, ਉਹ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਬਿਹਤਰ ਭਵਿੱਖ ਦੇ ਸੁਫ਼ਨੇ ਲੈ ਕੇ ਕਰੀਬ 5 ਸਾਲ ਪਹਿਲਾਂ ਦੁਬਈ ਆਇਆ ਸੀ ਕਿ ਬੀਤੀ 1 ਅਗਸਤ ਨੂੰ ਅਚਾਨਕ ਦਿਮਾਗ ਦੀ ਨਾੜੀ ਫਟ ਜਾਣ ਕਾਰਨ ਉਸਦੀ ਮੌਤ ਹੋ ਗਈ। ਡਾ. ਓਬਰਾਏ ਨੇ ਦੱਸਿਆ ਕਿ ਇਸ ਇਸ ਕੇਸ ਦੀ ਜਾਣਕਾਰੀ ਮਿਲਣ ਉਪਰੰਤ ਉਹਨਾਂ ਦੀ ਟੀਮ ਵੱਲੋਂ ਜਗਬੀਰ ਸਿੰਘ ਦੀ ਮ੍ਰਿਤਕ ਦੇ ਭਾਰਤ ਭੇਜਣ ਲਈ ਲੋੜੀਂਦੀ ਸਮੁੱਚੀ ਕਾਗਜ਼ੀ ਕਾਰਵਾਈ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਮੁਕੰਮਲ ਕੀਤੀ ਗਈ, ਜਦਕਿ ਉਸ ਦੀ ਮ੍ਰਿਤਕ ਸਰੀਰ ਨੂੰ ਭਾਰਤ ਭੇਜਣ ਲਈ ਆਇਆ ਖਰਚ, ਉਸ ਦੀ ਕੰਮ ਵਾਲੀ ਕੰਪਨੀ ਭਵਾਨੀਗੜ੍ਹ ਟਰਾਂਸਪੋਰਟ ਦੇ ਮਾਲਕ ਜਤਿੰਦਰਪਾਲ ਸਿੰਘ ਤੇ ਮਨਜੀਤ ਸਿੰਘ ਵੱਲੋਂ ਕੀਤਾ ਗਿਆ ਹੈ।
2000 ਰੁਪਏ ਮਹੀਨਾਵਾਰ ਪੈਨਸ਼ਨ ਸ਼ੁਰੂ
ਡਾ. ਐੱਸ. ਪੀ. ਸਿੰਘ ਉਬਰਾਏ ਨੇ ਇੱਥੇ ਇਹ ਵੀ ਦੱਸਿਆ ਕਿ ਜਗਬੀਰ ਸਿੰਘ ਦੇ ਬਜ਼ੁਰਗ ਮਾਪਿਆਂ ਤੋਂ ਇਲਾਵਾ ਉਨ੍ਹਾਂ ਵੱਲੋਂ ਕੁਝ ਦਿਨ ਪਹਿਲਾਂ ਕਸਬਾ ਅਜਨਾਲਾ ਦੇ ਪਿੰਡ ਮੱਦੂਸ਼ਾਂਗਾ ਦੇ ਨੌਜਵਾਨ ਬਿਕਰਮਜੀਤ ਸਿੰਘ ਅਤੇ ਮਜੀਠਾ ਦੇ ਪਿੰਡ ਸ਼ਾਮਨਗਰ ਦੇ ਨੌਜਵਾਨ ਪਲਵਿੰਦਰ ਸਿੰਘ, ਜਿਨ੍ਹਾਂ ਦੇ ਮ੍ਰਿਤਕ ਸਰੀਰ ਦੁਬਈ ਤੋਂ ਵਾਰਸਾਂ ਤੱਕ ਪਹੁੰਚਾਏ ਗਏ ਸਨ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਟਰੱਸਟ ਵੱਲੋਂ 2000-2000 ਰੁਪਏ ਮਹੀਨਾਵਾਰ ਪੈਨਸ਼ਨ ਸ਼ੁਰੂ ਕਰ ਦਿੱਤੀ ਗਈ ਹੈ । ਪੀੜਤ ਪਰਿਵਾਰ ਨਾਲ ਹਵਾਈ ਅੱਡੇ 'ਤੇ ਦੁੱਖ ਸਾਂਝਾ ਕਰਨ ਪਹੁੰਚੀ ਟਰੱਸਟ ਦੀ ਅੰਮ੍ਰਿਤਸਰ ਟੀਮ ਵੱਲੋਂ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ,ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਜਨਰਲ ਸਕੱਤਰ ਮਨਪ੍ਰੀਤ ਸੰਧੂ ਚਮਿਆਰੀ ਤੇ ਖਜ਼ਾਨਚੀ ਨਵਜੀਤ ਘਈ ਨੇ ਦੱਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 372 ਦੇ ਕਰੀਬ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
ਡਾ.ਐੱਸ.ਪੀ.ਸਿੰਘ ਓਬਰਾਏ ਦਾ ਸ਼ੁਕਰਾਨਾ
ਇਸ ਦੌਰਾਨ ਹਵਾਈ ਅੱਡੇ ਤੇ ਮ੍ਰਿਤਕ ਦੇਹ ਲੈਣ ਪਹੁੰਚੇ ਜਗਬੀਰ ਸਿੰਘ ਦੇ ਪਿਤਾ ਬਲਕਾਰ ਸਿੰਘ, ਭਰਾ ਹਰਪਾਲ ਸਿੰਘ, ਨਵਜੀਤ ਸਿੰਘ, ਜੀਜਾ ਸੁਖਜਿੰਦਰ ਸਿੰਘ ਤੇ ਦੋਸਤ ਅਮਨਦੀਪ ਸਿੰਘ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਦੀ ਬਦੌਲਤ ਹੀ ਉਨ੍ਹਾਂ ਦੇ ਪਰਿਵਾਰ ਨੂੰ ਜਗਬੀਰ ਸਿੰਘ ਦੇ ਅੰਤਿਮ ਦਰਸ਼ਨ ਨਸੀਬ ਹੋਏ ਹਨ ਅਤੇ ਪਰਿਵਾਰ ਦੀ ਆਰਥਿਕ ਮਦਦ ਲਈ ਪੈਨਸ਼ਨ ਦੀ ਸਹੂਲਤ ਦਿੱਤੀ ਗਈ ਹੈ।