ਚੰਡੀਗੜ੍ਹ: ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੁੱਲ੍ਹ 117 ਵਿਧਾਨ ਸਭਾ ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਨੇ ਨਵਾਂ ਰਿਕਾਰਡ ਬਣਾਉਂਦਿਆਂ 92 ਸੀਟਾਂ ਹਾਸਿਲ ਕੀਤੀਆਂ ਸਨ। ਇਸ ਜਿੱਤ ਤੋਂ ਉਤਸ਼ਾਹਿਤ ਹੋਕੇ ਪੰਜਾਬ ਦੇ ਮੁੱਖ ਮੰਤਰੀ ਅਤੇ ਤਮਾਮ ਆਪ ਲੀਡਰ ਸੂਬੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਾਂ ਉੱਤੇ ਬਾਜੀ ਮਾਰਨ ਦਾ ਦਮ ਭਰ ਰਹੇ ਸਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਇੱਕਤਰਫਾ ਜਿੱਤ ਦਰਜ ਹੋਣ ਦੀਆਂ ਕਿਆਸਰਾਈਆਂ ਵੀ ਜਤਾਈਆਂ ਜਾ ਰਹੀਆਂ ਸਨ।
ਚੋਣ ਨਤੀਜਿਆਂ ਨੇ ਵਿਗਾੜੇ 'ਆਪ' ਦੇ ਸਮੀਕਰਣ: 2024 ਦੇ ਲੋਕ ਸਭਾ ਚੋਣ ਨਤੀਜਿਆਂ ਵਿੱਚ ਪੰਜਾਬ ਦੀ ਜਨਤਾ ਨੇ ਪਹਿਲੀ ਪਸੰਦ ਸੱਤਾ ਧਾਰੀ ਪਾਰਟੀ ਨੂੰ ਨਹੀਂ ਸਗੋਂ ਕਾਂਗਰਸ ਪਾਰਟੀ ਨੂੰ ਬਣਾਇਆ। ਪੰਜਾਬ ਵਿੱਚ ਕਾਂਗਰਸ ਦੇ ਕੁੱਲ੍ਹ 7 ਉਮੀਦਵਾਰਾਂ ਨੇ ਲੋਕ ਸਭਾ ਸੀਟਾਂ ਉੱਤੇ ਬਾਜ਼ੀ ਮਾਰੀ। ਭਾਵੇਂ ਦੂਜੇ ਨੰਬਰ ਉੱਤੇ ਆਮ ਆਦਮੀ ਪਾਰਟੀ ਰਹੀ ਪਰ ਉਨ੍ਹਾਂ ਹਿੱਸੇ ਸਿਰਫ ਤਿੰਨ ਸੀਟਾਂ ਆਈਆਂ ਹਨ। ਇਸ ਤੋਂ ਇਲਾਵਾ ਦੋ ਅਜ਼ਾਦ ਉਮੀਦਵਾਰਾਂ ਦੇ ਹਿੱਸੇ ਸੀਟਾਂ ਆਈਆਂ ਪਰ ਭਾਜਪਾ ਦੇ ਹਿੱਸੇ ਕੋਈ ਵੀ ਸੀਟ ਨਹੀਂ ਆਈ।
ਹਾਰ ਦੇ ਕਾਰਣਾਂ ਨੂੰ ਜਾਣਨ ਲਈ ਮੀਟਿੰਗਾਂ ਦਾ ਅਗਾਜ਼: ਦੱਸ ਦਈਏ ਆਮ ਆਦਮੀ ਪਾਰਟੀ ਦਾ ਲੋਕ ਸਭਾ ਚੋਣਾਂ ਦੌਰਾਨ ਉਮੀਦ ਮੁਤਾਬਿਕ ਪ੍ਰਦਰਸ਼ਨ ਨਾ ਰਹਿਣ ਉੱਤੇ ਹੁਣ ਸੀਐੱਮ ਮਾਨ ਨੇ ਮੀਟਿੰਗਾਂ ਰਾਹੀਂ ਮੰਥਨ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਪੰਜਾਬ ਹਰ ਹਲਕੇ ਮੁਤਾਬਿਕ ਵਰਕਰਾਂ ਕੋਲ ਜਾਣਗੇ ਅਤੇ ਹਾਰ ਦੇ ਕਾਰਣਾਂ ਨੂੰ ਲੈਕੇ ਮੰਥਨ ਕਰਨਗੇ ਤਾਂ ਜੋ ਆਉਣ ਵਾਲੇ ਸਮੇਂ ਲਈ ਸੁਧਾਰ ਹੋ ਸਕੇ।
ਘਟਿਆ ਵੋਟ ਪ੍ਰਤੀਸ਼ਤ: ਦੱਸ ਦਈਏ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਜਿੱਥੇ ਕਾਂਗਰਸ ਦਾ ਵੋਟ ਫੀਸਦ 26.76 ਦੇ ਲਗਭਗ ਸੂਬੇ ਵਿੱਚੋਂ ਸਭ ਤੋਂ ਜ਼ਿਆਦਾ ਰਿਹਾ ਉੱਥੇ ਹੀ ਲਗਭਗ ਇੰਨੇ ਹੀ ਅੰਕਾਂ ਨਾਲ ਆਮ ਆਦਮੀ ਪਾਰਟੀ ਦਾ ਵੋਟ ਫੀਸਦ ਦੂਜੇ ਨੰਬਰ ਉੱਤੇ ਰਿਹਾ। ਜ਼ਿਕਰਯੋਗ ਗੱਲ ਇਹ ਹੈ ਕਿ ਪੰਜਾਬ ਅੰਦਰ ਕੋਈ ਵੀ ਸੀਟ ਨਾ ਆਉਣ ਦੇ ਬਾਵਜੂਦ ਭਾਜਪਾ ਦਾ ਵੋਟ ਫੀਸਦ ਸੂਬੇ ਅੰਦਰ ਵਧਿਆ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ 9.63% ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 6.60% ਵੋਟ ਫੀਸਦ ਹਾਸਿਲ ਕੀਤਾ ਸੀ ਪਰ ਇਸ ਦੇ ਮੁਕਾਬਲੇ 2024 ਦੀਆਂ ਸੰਸਦੀ ਚੋਣਾਂ ਵਿੱਚ 18.56% ਤੱਕ ਆਪਣੀ ਵੋਟ ਹਿੱਸੇਦਾਰੀ ਵਿੱਚ ਸੁਧਾਰ ਕੀਤਾ ਹੈ, ਜੋ ਇਹ ਸੰਕੇਤ ਦਿੰਦਾ ਹੈ ਕਿ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਮਜ਼ਬੂਤ ਤਾਕਤ ਵਜੋਂ ਉਭਰਨ ਜਾ ਰਹੀ ਹੈ।