ਚੰਡੀਗੜ੍ਹ: ਸਾਲ 2016 'ਚ ਹੋਏ ਬੇਅਦਬੀ ਮਾਮਲੇ 'ਚ ਦਿੱਲੀ ਦੇ 'ਆਪ' ਵਿਧਾਇਕ ਨਰੇਸ਼ ਯਾਦਵ ਨੂੰ ਦੋਸ਼ੀ ਕਰਾਰ ਦਿੱਤਾ ਗਿਆ । ਦੱਸਣਯੋਗ ਹੈ ਕਿ ਦਿੱਲੀ ਦੇ ਮਹਿਰੌਲੀ ਤੋਂ 'ਆਪ' ਵਿਧਾਇਕ ਨਰੇਸ਼ ਯਾਦਵ ਨੂੰ ਅੱਜ ਮਾਲੇਰਕੋਟਲਾ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਅੱਠ ਸਾਲ ਪੁਰਾਣੇ ਮਲੇਰਕੋਟਲਾ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ਵਿੱਚ ਦੋਸ਼ੀ ਕਰਾਰ ਕਰ ਦਿੱਤਾ ਹੈ।
ਦੋ ਸਾਲ ਦੀ ਸਜ਼ਾ
ਮਿਲੀ ਜਾਣਕਾਰੀ ਮੁਤਾਬਿਕ ਮਲੇਰਕੋਟਲਾ ਅਦਾਲਤ ਨੇ ਵਿਧਾਇਕ ਨਰੇਸ਼ ਯਾਦਵ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਹੀ ਨਹੀਂ ਅਦਾਲਤ ਨੇ ਨਰੇਸ਼ ਯਾਦਵ ਨੂੰ 11000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਅਦਾਲਤ ਨੇ ਕਿਹਾ ਹੈ ਕਿ ਜੇਕਰ ਵਿਧਾਇਕ ਨੇ ਲਗਾਇਆ ਹੋਇਆ ਜ਼ੁਰਮਾਨਾ ਨਹੀਂ ਭਰਿਆ ਤਾਂ ਉਸਦੀ ਸਜ਼ਾ ਨੂੰ ਇੱਕ ਸਾਲ ਦੇ ਲਈ ਹੋਰ ਵਧਾ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਅਦਾਲਤ ਦੇ ਹੁਕਮ ਤੋਂ ਤੁਰੰਤ ਬਾਅਦ ਯਾਦਵ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਤੋਂ ਪਹਿਲਾਂ ਮਾਰਚ 2021 ਵਿੱਚ ਨਰੇਸ਼ ਯਾਦਵ ਅਤੇ ਇੱਕ ਹੋਰ ਮੁਲਜ਼ਮ ਨੰਦ ਕਿਸ਼ੋਰ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ।
ਆਰ. ਐਸ. ਐਸ ਨਾਲ ਸਬੰਧਾਂ ਦੀ ਜਾਂਚ
ਜ਼ਿਕਰਯੋਗ ਹੈ ਕਿ 24 ਜੂਨ 2016 ਨੂੰ ਮਲੇਰਕੋਟਲਾ ਸ਼ਹਿਰ ਦੀ ਜਰਗ ਰੋਡ ਤੋਂ ਕੁਰਾਨ ਸ਼ਰੀਫ਼ ਦੇ ਅੰਗ ਬਰਾਮਦ ਹੋਣ ਦੀ ਘਟਨਾ ਵਾਪਰੀ ਤਾਂ ਇਸ ਮਾਮਲੇ 'ਚ ਵਿਜੈ ਕੁਮਾਰ, ਨੰਦ ਕਿਸ਼ੋਰ ਅਤੇ ਗੌਰਵ ਕੁਮਾਰ ਸਮੇਤ ਦੋ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉੱਥੇ ਹੀ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਦੇ ਅਧਾਰ 'ਤੇ ਆਪ' ਵਿਧਾਇਕ ਨਰੇਸ਼ ਯਾਦਵ ਦਾ ਨਾਂ ਜੋੜਿਆ ਗਿਆ ਸੀ। ਪਟਿਆਲਾ ਤੋਂ ਵਿਜੈ ਕੁਮਾਰ ਦੀ ਗ੍ਰਿਫ਼ਤਾਰੀ ਮਗਰੋਂ ਉਸ ਦੇ ਬਿਆਨ 'ਤੇ ਨਰੇਸ਼ ਯਾਦਵ ਨੂੰ ਜਾਂਚ `ਚ ਸ਼ਾਮਲ ਕੀਤਾ ਗਿਆ ਤਾਂ ਖੁਲਾਸਾ ਹੋਇਆ ਕਿ ਨਰੇਸ਼ ਯਾਦਵ ਵੱਲੋਂ ਵਿਜੈ ਕੁਮਾਰ ਦੇ ਬੈਂਕ ਖਾਤੇ ਵਿੱਚ 90 ਲੱਖ ਰੁਪਏ ਟ੍ਰਾਂਸਫਰ ਕੀਤੇ ਗਏ ਅਤੇ ਇਸ ਲਈ ਆਰ.ਐੱਸ.ਐੱਸ ਨਾਲ ਉਸ ਦੇ ਸਬੰਧਾਂ ਦੀ ਜਾਂਚ ਲਈ ਅਰਜ਼ੀ ਦਾਇਰ ਕੀਤੀ ਗਈ ਸੀ।