ਟਰੱਕ ਦੀ ਕਾਰ ਨਾਲ ਭਿਆਨਕ ਟੱਕਰ (ETV Bharat (ਲੁਧਿਆਣਾ , ਪੱਤਰਕਾਰ)) ਲੁਧਿਆਣਾ: ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਜ਼ਖਮੀਆਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਗਠਿਤ ਸੜਕ ਸੁਰੱਖਿਆ ਫੋਰਸ ਦੀ ਮੁਸਤੈਦੀ ਦਾ ਵੀਡਿਓ ਖੰਨਾ ਤੋਂ ਸਾਹਮਣੇ ਆਇਆ ਹੈ। ਇਹ ਵੀਡਿਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਦੋਰਾਹਾ ਦੇ ਨੈਸ਼ਨਲ ਹਾਈਵੇਅ ਦਾ ਵੀਡਿਓ ਹੈ। ਇੱਥੇ ਸੋਮਵਾਰ ਰਾਤ ਨੂੰ ਹਾਦਸਾ ਵਾਪਰਿਆ ਸੀ। ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਕਾਰ ਪਲਟ ਗਈ। ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਕਰੇਨ ਦਾ ਇੰਤਜ਼ਾਰ ਨਹੀਂ ਕੀਤਾ ਸਗੋਂ ਆਪਣੇ ਹੱਥਾਂ ਨਾਲ ਕਾਰ ਨੂੰ ਸਿੱਧਾ ਕੀਤਾ। ਹਾਦਸੇ ਵਿੱਚ ਸਵਾਰ ਦੋ ਨੌਜਵਾਨਾਂ ਦੀ ਜਾਨ ਬਚ ਗਈ।
ਲੁਧਿਆਣਾ ਤੋਂ ਸਰਹਿੰਦ ਜਾ ਰਹੇ ਸਨ ਨੌਜਵਾਨ:ਪ੍ਰਾਪਤ ਜਾਣਕਾਰੀ ਅਨੁਸਾਰ ਦੋ ਨੌਜਵਾਨ ਮਾਨਿਕ ਕੁਮਾਰ ਅਤੇ ਸੰਦੀਪ ਕੁਮਾਰ ਵਾਸੀ ਲੁਧਿਆਣਾ ਕਾਲੇ ਰੰਗ ਦੀ ਵਰਨਾ ਕਾਰ ਨੰਬਰ ਪੀ.ਬੀ.-10ਡੀ.ਪੀ.-3637 ਵਿੱਚ ਕਿਸੇ ਕੰਮ ਲਈ ਸਰਹਿੰਦ ਜਾ ਰਹੇ ਸਨ। ਦੋਰਾਹਾ ਨਹਿਰ ਦੇ ਪੁਲ ’ਤੇ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਕਾਰ ਪਲਟ ਗਈ। ਇਸ ਦੌਰਾਨ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸਦੀ ਸੂਚਨਾ ਰਾਹਗੀਰਾਂ ਨੇ ਕੰਟਰੋਲ ਰੂਮ 'ਤੇ ਦਿੱਤੀ। ਫਿਰ ਨੈਸ਼ਨਲ ਹਾਈਵੇ 'ਤੇ ਲਿਬੜਾ ਨੇੜੇ ਮੌਜੂਦ ਸੜਕ ਸੁਰੱਖਿਆ ਫੋਰਸ 10 ਮਿੰਟਾਂ 'ਚ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਈ।
ਮੌਕੇ 'ਤੇ ਹੀ ਮੁੱਢਲੀ ਸਹਾਇਤਾ ਦਿੱਤੀ:ਉਸ ਸਮੇਂ ਤੱਕ ਨੈਸ਼ਨਲ ਹਾਈਵੇ 'ਤੇ ਕਾਫੀ ਟ੍ਰੈਫਿਕ ਜਾਮ ਹੋ ਗਿਆ ਸੀ। ਕਰੇਨ ਦੀ ਉਡੀਕ ਕਰਨ ਦੀ ਥਾਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸੁਖਦੇਵ ਸਿੰਘ ਨੇ ਆਪਣੀ ਟੀਮ ਸਮੇਤ ਕਾਰ ਨੂੰ ਹੱਥਾਂ ਨਾਲ ਸਿੱਧੀ ਕਰਨ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਨੂੰ ਦੇਖ ਕੇ ਰਾਹਗੀਰ ਵੀ ਨਾਲ ਲੱਗ ਗਏ। ਸਾਰਿਆਂ ਨੇ 2 ਮਿੰਟਾਂ 'ਚ ਹੀ ਕਾਰ ਨੂੰ ਸਿੱਧੀ ਕਰ ਕੇ ਉੱਥੋਂ ਸਾਈਡ ਕੀਤਾ। ਸੜਕ ਸੁਰੱਖਿਆ ਫੋਰਸ ਨੇ ਹਾਦਸੇ 'ਚ ਜ਼ਖਮੀ ਹੋਏ ਮਾਨਿਕ ਕੁਮਾਰ ਅਤੇ ਸੰਦੀਪ ਕੁਮਾਰ ਨੂੰ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਦਿੱਤੀ। ਖੁਸ਼ਕਿਸਮਤੀ ਰਹੀ ਕਿ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਦੋਵਾਂ ਜ਼ਖ਼ਮੀਆਂ ਨੇ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ 'ਚੋਂ ਇੱਕ ਦਾ ਕੁੱਝ ਦਿਨਾਂ ਬਾਅਦ ਵਿਆਹ ਹੈ। ਵਿਆਹ ਵਾਲਾ ਮੁੰਡਾ ਆਪਣੇ ਦੋਸਤ ਨੂੰ ਨਾਲ ਲੈਕੇ ਕਾਰਡ ਵੰਡ ਰਿਹਾ ਸੀ।
ਆਵਾਜਾਈ ਨੂੰ ਡਾਇਵਰਟ ਕਰਨ ਦਾ ਕੋਈ ਹੋਰ ਰਸਤਾ ਨਹੀਂ:ਸੜਕ ਸੁਰੱਖਿਆ ਫੋਰਸ ਦੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਤਰਜੀਹ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣਾ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣਾ ਹੁੰਦੀ ਹੈ। ਜਦੋਂ ਉਨ੍ਹਾਂ ਆਪਣੀ ਟੀਮ ਸਮੇਤ ਮੌਕੇ ’ਤੇ ਜਾ ਕੇ ਦੇਖਿਆ ਤਾਂ ਨਹਿਰ ਦਾ ਪੁਲ ਹੋਣ ਕਾਰਨ ਨੈਸ਼ਨਲ ਹਾਈਵੇ ’ਤੇ ਆਵਾਜਾਈ ਨੂੰ ਡਾਇਵਰਟ ਕਰਨ ਲਈ ਹੋਰ ਕੋਈ ਰਸਤਾ ਨਹੀਂ ਸੀ। ਕਰੇਨ ਨੂੰ ਪਹੁੰਚਣ ਵਿੱਚ ਇੱਕ ਘੰਟਾ ਲੱਗ ਸਕਦਾ ਸੀ।
ਮੌਕੇ ਤੋਂ ਟਰੱਕ ਸਮੇਤ ਫ਼ਰਾਰ ਹੋਏ ਡਰਾਈਵਰ: ਇਹ ਦੇਖ ਕੇ ਉਨ੍ਹਾਂ ਨੇ ਆਪ ਹੀ ਤੇਜ਼ੀ ਨਾਲ ਕਾਰ ਨੂੰ ਹੱਥਾਂ ਨਾਲ ਸਿੱਧੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਲੋਕਾਂ ਨੇ ਵੀ ਪੁਲਿਸ ਦਾ ਸਾਥ ਦਿੱਤਾ ਅਤੇ ਕਾਰ ਨੂੰ ਹੱਥਾਂ ਨਾਲ ਸਿੱਧੀ ਕਰਕੇ ਪਾਸੇ ਕਰ ਦਿੱਤਾ ਗਿਆ। ਜਿਸ ਕਾਰਨ ਆਵਾਜਾਈ ਸ਼ੁਰੂ ਹੋ ਗਈ ਅਤੇ ਜ਼ਖਮੀਆਂ ਦੀ ਜਾਨ ਵੀ ਬਚ ਗਈ। ਮੌਕੇ ਤੋਂ ਟਰੱਕ ਸਮੇਤ ਫ਼ਰਾਰ ਹੋਏ ਡਰਾਈਵਰ ਸਬੰਧੀ ਥਾਣਾ ਦੋਰਾਹਾ ਪੁਲਿਸ ਨੂੰ ਸੂਚਨਾ ਦਿੱਤੀ ਗਈ। ਉਸਦੀ ਭਾਲ ਜਾਰੀ ਹੈ।