ਕਈ ਜ਼ਖ਼ਮੀ ਇੱਕ ਦੀ ਮੌਤ (ETV BHARAT (ਰੋਪੜ ਰਿਪੋਟਰ)) ਸ੍ਰੀ ਕੀਰਤਪੁਰ ਸਾਹਿਬ/ਰੋਪੜ: ਪਹਿਲਾਂ ਹੀ ਸਾਡੇ ਅਦਾਰੇ ਵੱਲੋਂ ਪ੍ਰਮੁੱਖਤਾ ਦੇ ਨਾਲ ਇਹ ਖਬਰ ਦਿਖਾਈ ਗਈ ਸੀ ਕਿ ਕੀਰਤਪੁਰ ਸਾਹਿਬ - ਮਨਾਲੀ ਨੈਸ਼ਨਲ ਹਾਈਵੇ ਉੱਤੇ ਪਿੰਡ ਗਰਾਂ ਮੋੜਾ ਵਿਖੇ ਲੱਗੇ ਟੋਲ ਪਲਾਜ਼ਾ ਉੱਤੇ ਭਾਰੀ ਜਾਮ ਲੱਗ ਰਹੇ ਹਨ। ਜਿਸ ਨਾਲ ਜਿੱਥੇ ਹਿਮਾਚਲ ਜਾਣ ਵਾਲੇ ਸੈਲਾਨੀ ਬੇਹੱਦ ਪਰੇਸ਼ਾਨ ਹੋ ਰਹੇ ਹਨ। ਉੱਥੇ ਹੀ ਇਹ ਜਾਮ ਕਿਸੇ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦੇ ਹਨ।
ਦੋ ਟੁਕੜਿਆਂ ਵਿੱਚ ਕੱਟਿਆ ਗਿਆ ਸ਼ਖ਼ਸ:ਬਿਲਕੁਲ ਇਸੇ ਤਰ੍ਹਾਂ ਹੋਇਆ ਜਦੋਂ ਇਸ ਟੋਲ ਪਲਾਜ਼ਾ ਉੱਤੇ ਪਰਚੀਆਂ ਕਟਵਾਉਣ ਦੇ ਲਈ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਸਨ ਤਾਂ ਹਿਮਾਚਲ ਵਾਲੇ ਪਾਸੇ ਤੋਂ ਆ ਰਹੇ ਇੱਕ ਟਰੱਕ ਨੇ ਆਪਣੇ ਅੱਗੇ ਖੜੀਆਂ ਪੰਜ ਗੱਡੀਆਂ ਨੂੰ ਬੁਰੇ ਤਰੀਕੇ ਨਾਲ ਦਰੜਿਆ, ਜਿਸ ਨਾਲ ਇੱਕ ਵਿਅਕਤੀ ਦੀ ਮੌਕੇ ਉੱਤੇ ਦਰਦਨਾਕ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮਰਨ ਵਾਲੇ ਵਿਅਕਤੀ ਦਾ ਸਰੀਰ ਦੋ ਟੁਕੜਿਆਂ ਵਿੱਚ ਕੱਟਿਆ ਗਿਆ ਅਤੇ ਜੇਕਰ ਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਕਾਰਾਂ ਬੇਹੱਦ ਬੁਰੇ ਤਰੀਕੇ ਨਾਲ ਨੁਕਸਾਨੀਆਂ ਗਈਆਂ।
ਏਮਜ਼ ਹਸਪਤਾਲ ਵਿਖੇ ਇਲਾਜ: ਘਟਨਾ ਵਾਪਰ ਮਗਰੋਂ ਸਥਾਨਕ ਲੋਕ ਵੱਡੀ ਗਿਣਤੀ ਦੇ ਵਿੱਚ ਮੌਕੇ ਉੱਤੇ ਪੁੱਜ ਗਏ, ਜਿਨ੍ਹਾਂ ਵੱਲੋਂ ਰਾਹਤ ਕਾਰਜ ਕੀਤੇ ਗਏ। ਉੱਥੇ ਕੀਰਤਪੁਰ ਸਾਹਿਬ ਪ੍ਰਸ਼ਾਸਨ ਅਤੇ ਜ਼ਿਲ੍ਹਾ ਬਿਲਾਸਪੁਰ ਨਾਲ ਸੰਬੰਧਿਤ ਪ੍ਰਸ਼ਾਸਨ ਵੀ ਮੌਕੇ ਉੱਤੇ ਪਹੁੰਚ ਗਿਆ। ਇਸ ਮੌਕੇ ਜ਼ਖਮੀਆਂ ਨੂੰ ਉਹਨਾਂ ਦੀਆਂ ਗੱਡੀਆਂ ਵਿੱਚੋਂ ਕਿਸੇ ਤਰੀਕੇ ਕੱਢ ਕੇ ਹਿਮਾਚਲ ਪ੍ਰਦੇਸ਼ ਦੇ ਜਿਲ੍ਹਾ ਬਿਲਾਸਪੁਰ ਦੇ ਏਮਜ਼ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ।
ਐਨਐਚਏਆਈ ਦੇ ਅਧਿਕਾਰੀਆਂ ਸਮੇਤ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਤੇ ਸਵਾਲ: ਇਹ ਹਾਦਸਾ ਵੱਡੇ ਸਵਾਲ ਖੜੇ ਕਰਦਾ ਹੈ ਐਨਐਚਏਆਈ ਦੇ ਅਧਿਕਾਰੀਆਂ ਸਮੇਤ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਤੇ। ਜਦੋਂ ਦਾ ਇਹ ਟੋਲ ਪਲਾਜ਼ਾ ਇੱਥੇ ਲੱਗਿਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਲੋਕ ਪਰਚੀਆਂ ਕਟਵਾਉਣ ਦੇ ਲਈ ਖੱਜਲ ਖਵਾਰ ਹੋ ਰਹੇ ਹਨ, ਇੱਕ ਪਾਸੇ ਲੋਕਾਂ ਨੂੰ ਇਸ ਸੜਕ ਉੱਤੇ ਜਾਣ ਦੇ ਲਈ ਪੈਸੇ ਦੇਣੇ ਪੈ ਰਹੇ ਹਨ ਦੂਜੇ ਪਾਸੇ ਲੰਬੇ ਜਾਮ ਦੇ ਵਿੱਚ ਫਸਣਾ ਪੈ ਰਿਹਾ। ਬੇਸ਼ੱਕ ਅੱਜ ਦੇ ਹਾਦਸੇ ਦਾ ਕਾਰਨ ਟਰੱਕ ਚਾਲਕ ਦੀ ਗਲਤੀ ਜਾਂ ਕਿਸੇ ਤਰ੍ਹਾਂ ਦੀ ਟਰੱਕ ਦੇ ਵਿੱਚ ਤਕਨੀਕੀ ਖਰਾਬੀ ਹੋ ਸਕਦੀ ਹੈ, ਪਰ ਜਿਸ ਤਰੀਕੇ ਲੰਬੇ ਜਾਮ ਇਸ ਟੋਲ ਪਲਾਜੇ ਉੱਤੇ ਲੱਗ ਰਹੇ ਹਨ, ਉਹ ਵੀ ਹਾਦਸੇ ਦਾ ਇੱਕ ਕਾਰਨ ਹੈ ਅਤੇ ਉਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਲੋੜ ਹੈ ਕਿ ਜਲਦ ਐਨਐਚਏਆਈ ਇਸ ਵੱਲ ਧਿਆਨ ਦੇਵੇ ਅਤੇ ਕੁਝ ਕਦਮ ਚੁੱਕੇ ਤਾਂ ਜੋ ਟੋਲ ਪਲਾਜ਼ਾ ਉੱਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਨਾ ਲੱਗਣ ਅਤੇ ਇਸ ਤਰ੍ਹਾਂ ਦੇ ਹਾਦਸੇ ਭਵਿੱਖ ਵਿੱਚ ਨਾ ਹੋਣ।