ਬਠਿੰਡਾ: ਅਕਸਰ ਹੀ ਜਗ੍ਹਾ-ਜਗ੍ਹਾ ਇਹ ਲਿਖਿਆ ਵੇਖਣ ਨੂੰ ਮਿਲਦਾ ਹੈ ਕਿ ਜਲ ਹੀ ਜੀਵਨ ਹੈ, ਜਲ ਬਿਨਾ ਜੀਵਨ ਅਸੰਭਵ ਹੈ ਪਰ ਜੇਕਰ ਗੱਲ ਕੀਤੀ ਜਾਵੇ ਜਲ ਦੀ ਸਾਂਭ ਸੰਭਾਲ ਦੀ ਤਾਂ ਇਸ ਨੂੰ ਦੂਸ਼ਿਤ ਕਰਨ ਵਿੱਚ ਸਭ ਤੋਂ ਵੱਡਾ ਰੋਲ ਇਸ ਸਮੇਂ ਮਨੁੱਖ ਅਦਾ ਕਰ ਰਿਹਾ ਹੈ। ਆਏ ਦਿਨ ਨਹਿਰਾਂ ਉੱਤੇ ਵੱਡੀ ਗਿਣਤੀ ਵਿੱਚ ਲੋਕ ਧਾਰਮਿਕ ਵਸਤਾਂ ਅਤੇ ਸਮੱਗਰੀ ਜਲ ਪਰਵਾਹ ਕਰਦੇ ਵੇਖੇ ਜਾ ਸਕਦੇ ਹਨ ਪਰ ਬਠਿੰਡਾ ਦੇ ਰਹਿਣ ਵਾਲੇ ਰਾਜੂ ਪੰਡਿਤ ਵੱਲੋਂ ਪਾਣੀ ਦੂਸ਼ਿਤ ਹੋਣ ਤੋਂ ਬਚਾਉਣ ਲਈ ਵਿਸ਼ੇਸ਼ ਉਪਰਾਲਾ ਵਿੱਢਿਆ ਗਿਆ ਹੈ।
ਪਾਣੀ ਨੂੰ ਦੂਸ਼ਿਤ ਕਰਨਾ ਸਭ ਤੋਂ ਵੱਡਾ ਪਾਪ: ਰਾਜੂ ਪੰਡਿਤ ਵੱਲੋਂ ਸ਼ਹਿਰ ਦੀਆਂ ਗਲੀਆਂ-ਮੁਹੱਲਿਆਂ ਵਿੱਚ ਮਨਿਆਦੀ ਕਰਵਾ ਕੇ ਧਾਰਮਿਕ ਵਸਤਾਂ ਮੂਰਤੀਆਂ ਅਤੇ ਸਮਗਰੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵੱਲੋਂ ਜਲ ਪ੍ਰਵਾਹ ਕੀਤੇ ਜਾਣਾ ਹੁੰਦਾ ਹੈ। ਇਹਨਾਂ ਇਕੱਠੀਆਂ ਕੀਤੀਆਂ ਹੋਈਆਂ ਧਾਰਮਿਕ ਵਸਤਾਂ ਮੂਰਤੀਆਂ ਅਤੇ ਸਮੱਗਰੀਆਂ ਨੂੰ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਅਗਨ ਭੇਟ ਕੀਤਾ ਜਾਂਦਾ ਹੈ। ਰਾਜੂ ਪੰਡਿਤ ਨੇ ਵਿਸ਼ੇਸ਼ ਤੌਰ ਉੱਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਣੀ ਨੂੰ ਦੂਸ਼ਿਤ ਕਰਨਾ ਸਭ ਤੋਂ ਵੱਡਾ ਪਾਪ ਹੈ ਅਤੇ ਸਾਰੇ ਧਰਮਾਂ ਵਿੱਚ ਪਾਣੀ ਨੂੰ ਪਵਿੱਤਰਤਾ ਦਾ ਦਰਜਾ ਦਿੱਤਾ ਗਿਆ ਹੈ।
ਜੀਵ ਜੰਤੂ ਬੁਰੀ ਤਰ੍ਹਾਂ ਪ੍ਰਭਾਵਿਤ: ਸ਼ਾਸਤਰਾਂ ਅਨੁਸਾਰ ਵੀ ਪਾਣੀ ਨੂੰ ਦੂਸ਼ਿਤ ਕਰਨਾ ਸਭ ਤੋਂ ਵੱਡਾ ਪਾਪ ਮੰਨਿਆ ਜਾਂਦਾ ਹੈ ਪਰ ਮਨੁੱਖ ਵੱਲੋਂ ਹੁਣ ਪੀਣ ਦੇ ਪਾਣੀ ਨੂੰ ਸਭ ਤੋਂ ਵੱਡਾ ਦੂਸ਼ਿਤ ਕੀਤਾ ਜਾ ਰਿਹਾ ਹੈ ਅਤੇ ਪਾਣੀ ਵਿੱਚ ਰਹਿ ਰਹੇ ਜੀਵ ਜੰਤੂਆਂ ਲਈ ਸਭ ਤੋਂ ਵੱਡਾ ਖਤਰਾ ਮਨੁੱਖ ਵੱਲੋਂ ਧਾਰਮਿਕ ਵਸਤਾਂ ਮੂਰਤੀਆਂ ਅਤੇ ਸਮੱਗਰੀਆਂ ਨੂੰ ਜਲ ਪ੍ਰਵਾਹ ਕਰਨਾ ਹੈ ਕਿਉਂਕਿ ਇਹ ਵਸਤਾਂ ਕਿਸੇ ਨਾ ਕਿਸੇ ਕੈਮੀਕਲ ਨਾਲ ਲਿਪਤ ਹੁੰਦੀਆਂ ਹਨ। ਜਿਸ ਕਾਰਨ ਪਾਣੀ ਵਿੱਚ ਰਹਿ ਰਹੇ ਜੀਵ ਜੰਤੂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਇਸ ਲਈ ਉਹਨਾਂ ਵੱਲੋਂ ਇਹ ਉਪਰਾਲਾ ਵਿੱਢਿਆ ਗਿਆ ਹੈ।
ਪਾਣੀ ਉੱਤੇ ਸਿਰਫ ਮਨੁੱਖ ਦਾ ਹੱਕ ਨਹੀਂ:ਵੱਡੇ ਪੱਧਰ ਉੱਤੇ ਸ਼ਹਿਰ ਵਿੱਚੋਂ ਜਲ ਪ੍ਰਵਾਹ ਕਰਨ ਲਈ ਇਕੱਠੀਆਂ ਕੀਤੀਆਂ ਗਈਆਂ ਲੋਕਾਂ ਵੱਲੋਂ ਵਸਤਾਂ ਨੂੰ ਆਟੋ ਰਿਕਸ਼ੇ ਰਾਹੀਂ ਲਿਆਂਦਾ ਜਾਂਦਾ ਹੈ ਅਤੇ ਫਿਰ ਉਸ ਨੂੰ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਅਗਨ ਭੇਟ ਕੀਤਾ ਜਾਂਦਾ। ਉਹਨਾਂ ਕਿਹਾ ਕਿ ਹੁਣ ਵਿਸ਼ੇਸ਼ ਤੌਰ ਉੱਤੇ ਇਹ ਉਪਰਾਲਾ ਕੀਤਾ ਜਾ ਰਿਹਾ ਕਿ ਧਾਰਮਿਕ ਮੂਰਤੀਆਂ ਅਤੇ ਵਧੀਆ ਹਾਲਤ ਵਾਲੀਆਂ ਤਸਵੀਰਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ। ਜੋ ਵੀ ਵਿਅਕਤੀ ਇਹਨਾਂ ਮੂਰਤੀਆਂ ਅਤੇ ਤਸਵੀਰਾਂ ਨੂੰ ਆਪਣੇ ਘਰ ਲਗਾਉਣਾ ਚਾਹੁੰਦਾ ਹੈ। ਉਸ ਨੂੰ ਉਹ ਮੁਫਤ ਵਿੱਚ ਉਪਲੱਬਧ ਕਰਾ ਰਹੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੀਣ ਦੇ ਪਾਣੀ ਦੇ ਇੱਕੋ ਇੱਕ ਸਰੋਤ ਨੂੰ ਕਿਸੇ ਮਗਰ ਲੱਗ ਕੇ ਖਰਾਬ ਨਾ ਕੀਤਾ ਜਾਵੇ ਕਿਉਂਕਿ ਪਾਣੀ ਉੱਤੇ ਸਿਰਫ ਮਨੁੱਖ ਦਾ ਹੱਕ ਨਹੀਂ। ਇਸ ਵਿੱਚ ਰਹਿਣ ਵਾਲੇ ਜੀਵ ਜੰਤੂਆਂ ਦੇ ਆ ਵੀ ਬਰਾਬਰ ਦਾ ਹੱਕ ਹੈ।