ਬਰਨਾਲਾ:ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਚੱਲ ਰਹੀ ਆਸ਼ੀਰਵਾਦ ਸਕੀਮ ਤਹਿਤ ਜ਼ਿਲ੍ਹਾ ਬਰਨਾਲਾ ਦੇ 612 ਲਾਭਪਾਤਰੀਆਂ ਨੂੰ 3 ਕਰੋੜ ਤੋਂ ਵੱਧ ਦੀ ਰਾਸ਼ੀ ਸ਼ਗਨ ਦੇ ਰੂਪ 'ਚ ਖਾਤਿਆਂ 'ਚ ਪਾਈ ਜਾ ਚੁੱਕੀ ਹੈ।
ਇਸ ਸਬੰਧੀ ਬਰਨਾਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਨਵਰੀ 2023 ਤੋਂ ਜਨਵਰੀ 2024 ਤੱਕ ਦੇ 612 ਲਾਭਪਾਤਰੀਆਂ ਨੂੰ 51000 ਰੁਪਏ ਪ੍ਰਤੀ ਲਾਭਪਾਤਰੀ ਦੇ ਹਿਸਾਬ ਨਾਲ 3,12,12,000 ਰੁਪਏ ਬੈਂਕ ਖਾਤਿਆਂ ਵਿੱਚ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਫਰਵਰੀ ਤੋਂ ਮਈ ਤੱਕ ਦੀ 2 ਕਰੋੜ 34 ਲੱਖ ਦੀ ਰਾਸ਼ੀ ਵੀ ਸਰਕਾਰ ਵਲੋਂ ਜਾਰੀ ਕੀਤੀ ਜਾ ਚੁੱਕੀ ਹੈ ਜੋ ਕਿ ਜਲਦ ਹੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਦੇ ਪੰਜਾਬ ਸਰਕਾਰ ਜਿੱਥੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨ ਕਰ ਰਹੀ ਹੈ ਹੈ, ਉਥੇ ਹੀ ਪੱਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ ਲਗਾਤਾਰ ਕਾਰਜਸ਼ੀਲ ਹੈ।
ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਪੰਜਾਬ ਰਾਜ ਦਾ ਸਥਾਈ ਨਾਗਰਿਕ ਹੋਵੇ, ਲੜਕੀ ਦੀ ਉਮਰ 18 ਸਾਲ ਤੋਂ ਵੱਧ ਹੋਵੇ, ਪਰਿਵਾਰ ਦੀ ਸਾਰੇ ਸਾਧਨਾਂ ਤੋਂ ਸਾਲਾਨਾ ਆਮਦਨ 32,790 ਰੁਪਏ ਤੋਂ ਘੱਟ ਹੋਵੇ, ਅਜਿਹੇ ਪਰਿਵਾਰਾਂ ਦੀਆਂ ਦੋ ਧੀਆਂ ਇਸ ਸਕੀਮ ਦਾ ਲਾਭ ਦੇਣ ਦੇ ਯੋਗ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਲੜਕੀ ਦੇ ਵਿਆਹ ਤੋਂ ਪਹਿਲਾਂ ਜਾਂ 30 ਦਿਨਾਂ ਦੇ ਅੰਦਰ ਤਹਿਸੀਲ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਦਫ਼ਤਰ ਵਿੱਚ ਅਪਲਾਈ ਕੀਤਾ ਜਾਵੇ। ਜਿਨ੍ਹਾਂ ਪਰਿਵਾਰਾਂ ਕੋਲ ਬੀ ਪੀ ਐਲ ਜਾਂ ਨੀਲੇ ਕਾਰਡ ਹਨ, ਉਨ੍ਹਾਂ ਨੂੰ ਆਮਦਨ ਦੇ ਸਬੂਤ ਵਜੋਂ ਕੋਈ ਹੋਰ ਦਸਤਾਵੇਜ਼ ਦੇਣ ਦੀ ਜ਼ਰੂਰਤ ਨਹੀਂ।Conclusion:ਲਖਵੀਰ ਚੀਮਾ