18 year old girl committed suicide four days before wedding in Ludhiana (ETV BHARAT) ਲੁਧਿਆਣਾ: ਪ੍ਰੇਮ ਵਿਆਹ ਨੂੰ ਲੈ ਕੇ ਸਾਡੇ ਦੇਸ਼ ਵਿੱਚ ਆਏ ਦਿਨ ਅਲੱਗ-ਅਲੱਗ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ, ਜਿੱਥੇ ਇੱਕ ਪਾਸੇ ਇੱਕ ਪ੍ਰੇਮਿਕਾ ਵੱਲੋਂ ਆਪਣੇ ਪ੍ਰੇਮੀ ਨੂੰ ਮਾਰ ਦਿੱਤਾ ਜਾਂਦਾ ਹੈ, ਉੱਥੇ ਹੀ ਦੂਜੇ ਪਾਸੇ ਪ੍ਰੇਮੀ ਵੱਲੋਂ ਆਪਣੀ ਪ੍ਰੇਮਿਕਾ ਨੂੰ ਕਿਸੇ ਹੋਰ ਨਾਲ ਵਿਆਹ ਕਰਵਾਉਣ ਉਤੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਅਤੇ ਕਈ ਵਾਰ ਤਾਂ ਲਵ ਮੈਰਿਜ ਲਈ ਖੁਸ਼ ਕੁੜੀਆਂ ਆਪਣੇ ਵਿਆਹ ਤੋਂ ਕੁੱਝ ਸਮਾਂ ਪਹਿਲਾਂ ਆਪਣੇ ਆਪ ਨੂੰ ਖਤਮ ਕਰ ਲੈਂਦੀਆਂ ਹਨ, ਲੁਧਿਆਣਾ ਦਾ ਤਾਜ਼ਾ ਮਾਮਲਾ ਇਸ ਗੱਲ ਨਾਲ ਹੀ ਮੇਲ ਖਾਂਦਾ ਹੈ।
ਦਰਅਸਲ, ਲੁਧਿਆਣਾ ਦੇ ਵਿੱਚ ਵਿਆਹ ਵਾਲੇ ਘਰ ਦੇ ਵਿੱਚ ਉਸ ਵੇਲੇ ਮਾਤਮ ਦਾ ਮਾਹੌਲ ਛਾਅ ਗਿਆ, ਜਦੋਂ 18 ਸਾਲ ਦੀ ਕੁੜੀ ਨੇ ਆਪਣੇ ਵਿਆਹ ਤੋਂ ਚਾਰ ਦਿਨ ਪਹਿਲਾਂ ਹੀ ਖੁਦਕੁਸ਼ੀ ਕਰ ਲਈ। ਜੀ ਹਾਂ...28 ਜੂਨ ਨੂੰ ਇਸ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ, ਲੜਕੇ ਵਾਲਿਆਂ ਦੇ ਬਰਾਤ ਲੈ ਕੇ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਮਾਂ ਦੇ ਅਨੁਸਾਰ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਲੜਕਾ ਵਿਆਹ ਕਰਨ ਤੋਂ ਮੁੱਕਰ ਗਿਆ, ਜਿਸ ਕਰਕੇ ਪੀੜਿਤ ਨੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਲੜਕੀ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕਾ ਬਾੜੇਵਾਲ ਦਾ ਰਹਿਣ ਵਾਲਾ ਹੈ ਅਤੇ ਦੋਵਾਂ ਦੇ ਵਿਚਕਾਰ ਪ੍ਰੇਮ ਸੰਬੰਧ ਸਨ ਅਤੇ ਵਿਆਹ ਦੀ ਤਾਰੀਕ ਵੀ ਪੱਕੀ ਹੋ ਗਈ ਸੀ। ਇੱਥੋਂ ਤੱਕ ਕਿ ਮੰਗਣੀ ਵੀ ਹੋ ਗਈ ਸੀ ਪਰ ਕੁਝ ਦਿਨ ਪਹਿਲਾਂ ਹੀ ਲੜਕੇ ਅਤੇ ਲੜਕੀ ਦੀ ਲੜਾਈ ਹੋ ਗਈ, ਜਿਸ ਤੋਂ ਬਾਅਦ ਲੜਕਾ ਵਿਆਹ ਕਰਵਾਉਣ ਤੋਂ ਮੁੱਕਰ ਗਿਆ।
ਉਲੇਖਯੋਗ ਹੈ ਕਿ ਮ੍ਰਿਤਕ ਦਾ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ, ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦੇ ਚਾਰ ਬੱਚੇ ਹਨ ਅਤੇ ਜਿਸ ਨੇ ਖੁਦਕੁਸ਼ੀ ਕੀਤੀ ਹੈ, ਉਹ ਸਭ ਤੋਂ ਵੱਡੀ ਸੀ। ਉਨ੍ਹਾਂ ਦੱਸਿਆ ਕਿ ਜਿਸ ਦਿਨ ਝਗੜਾ ਹੋਇਆ ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਹ ਨੇੜੇ ਹੀ ਪਾਣੀ ਲੈ ਕੇ ਆਉਣ ਦਾ ਬਹਾਨਾ ਲਗਾ ਕੇ ਚਲੀ ਗਈ ਅਤੇ ਵਾਪਿਸ ਹੀ ਨਹੀਂ ਆਈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਧਰ ਥਾਣਾ ਸਰਾਭਾ ਨਗਰ ਵਿੱਚ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਦੀ ਜਾਣਕਾਰੀ ਏਐਸਆਈ ਜਗਜੀਤ ਸਿੰਘ ਨੇ ਦਿੱਤੀ ਹੈ।