ਨਵੀਂ ਦਿੱਲੀ: ਟੈਸਟ ਕ੍ਰਿਕਟ 'ਚ ਭਾਰਤੀ ਟੀਮ ਦੇ ਪ੍ਰਦਰਸ਼ਨ ਦਾ ਪੱਧਰ ਪਿਛਲੇ ਕੁਝ ਸਮੇਂ 'ਚ ਕਾਫੀ ਹੇਠਾਂ ਆਇਆ ਹੈ, ਜਿਸ ਕਾਰਨ ਟੀਮ ਇੰਡੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚੋਂ ਬਾਹਰ ਹੋ ਗਈ ਹੈ। ਟੀਮ ਦੇ ਇਸ ਖਰਾਬ ਪ੍ਰਦਰਸ਼ਨ ਲਈ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਤਜ਼ਰਬੇਕਾਰ ਖਿਡਾਰੀਆਂ ਦੇ ਖਰਾਬ ਪ੍ਰਦਰਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਅਜਿਹੇ 'ਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਆਲਰਾਊਂਡਰ ਯੁਵਰਾਜ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਪੀਟੀਆਈ ਨਾਲ ਗੱਲ ਕਰਦੇ ਹੋਏ ਯੁਵਰਾਜ ਨੇ ਕਿਹਾ ਕਿ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਉਨ੍ਹਾਂ ਦਾ ਪਰਿਵਾਰ ਹੈ। ਕ੍ਰਿਕਟਰ ਨੇ ਦੋਵਾਂ ਖਿਡਾਰੀਆਂ ਦਾ ਸਮਰਥਨ ਕੀਤਾ ਹੈ ਅਤੇ ਭਾਰਤੀ ਕ੍ਰਿਕਟ ਟੀਮ ਦੇ ਪ੍ਰਸ਼ੰਸਕਾਂ ਨੂੰ ਵੀ ਵੱਡਾ ਸੰਦੇਸ਼ ਦਿੱਤਾ ਹੈ।
ਰੋਹਿਤ-ਕੋਹਲੀ ਮੇਰਾ ਪਰਿਵਾਰ- ਯੁਵਰਾਜ ਸਿੰਘ
ਯੁਵਰਾਜ ਸਿੰਘ ਟੈਨਿਸ ਬਾਲ ਕ੍ਰਿਕੇਟ ਪ੍ਰੀਮੀਅਰ ਲੀਗ ਦੀ ਲਾਂਚਿੰਗ ਵਿੱਚ ਸ਼ਾਮਲ ਹੋਣ ਲਈ ਦੁਬਈ ਵਿੱਚ ਸਨ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, 'ਮੈਂ ਦੇਖਦਾ ਹਾਂ ਕਿ ਭਾਰਤ ਨੇ ਪਿਛਲੇ ਪੰਜ-ਛੇ ਸਾਲਾਂ ਵਿੱਚ ਕੀ ਹਾਸਲ ਕੀਤਾ ਹੈ। ਉਨ੍ਹਾਂ ਨੇ ਆਸਟ੍ਰੇਲੀਆ 'ਚ ਲਗਾਤਾਰ ਦੋ ਸੀਰੀਜ਼ ਜਿੱਤੀਆਂ ਹਨ। ਮੈਨੂੰ ਯਾਦ ਨਹੀਂ ਕਿ ਕਿਸੇ ਹੋਰ ਟੀਮ ਨੇ ਅਜਿਹਾ ਕੀਤਾ ਹੈ। ਅਸੀਂ ਆਪਣੇ ਮਹਾਨ ਖਿਡਾਰੀਆਂ ਰੋਹਿਤ ਸ਼ਰਮਾ, ਵਿਰਾਟ ਕੋਹਲੀ ਬਾਰੇ ਬੁਰਾ-ਭਲਾ ਕਹਿ ਰਹੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਉਨ੍ਹਾਂ ਨੇ ਅਤੀਤ ਵਿੱਚ ਕੀ ਪ੍ਰਾਪਤ ਕੀਤਾ ਹੈ। ਜਦੋਂ ਖਿਡਾਰੀ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ ਹੁੰਦੇ ਤਾਂ ਉਨ੍ਹਾਂ ਦੀ ਆਲੋਚਨਾ ਕਰਨਾ ਬਹੁਤ ਆਸਾਨ ਹੁੰਦਾ ਹੈ। ਮੇਰਾ ਕੰਮ ਮੇਰੇ ਦੋਸਤਾਂ ਅਤੇ ਭਰਾਵਾਂ ਦਾ ਸਮਰਥਨ ਕਰਨਾ ਹੈ। ਇਨ੍ਹਾਂ ਕ੍ਰਿਕਟਰਾਂ ਨੇ ਮੇਰੇ ਤੋਂ ਜ਼ਿਆਦਾ ਕ੍ਰਿਕਟ ਖੇਡੀ ਹੈ ਅਤੇ ਮੇਰੇ ਲਈ ਉਹ ਮੇਰਾ ਪਰਿਵਾਰ ਹਨ।