ਨਵੀਂ ਦਿੱਲੀ:ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਦੂਜੇ ਮੈਚ 'ਚ ਭਾਰਤ ਨੇ ਪਾਕਿਸਤਾਨ ਕ੍ਰਿਕਟ ਟੀਮ ਨੂੰ 6 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਪਾਕਿਸਤਾਨ ਵੱਲੋਂ ਦਿੱਤੇ 106 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 18.4 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਸਕੋਰ ਹਾਸਿਲ ਕਰ ਲਿਆ। ਇਸ ਜਿੱਤ ਦੇ ਨਾਲ ਹੀ ਟੂਰਨਾਮੈਂਟ 'ਚ ਭਾਰਤ ਦਾ ਖਾਤਾ ਵੀ ਖੁੱਲ੍ਹ ਗਿਆ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਪਾਕਿਸਤਾਨੀ ਟੀਮ ਭਾਰਤੀ ਗੇਂਦਬਾਜ਼ੀ ਦੇ ਸਾਹਮਣੇ ਦਮ ਤੋੜਦੀ ਨਜ਼ਰ ਆਈ ਅਤੇ ਕੁਝ ਖਾਸ ਪ੍ਰਦਰਸ਼ਨ ਨਾ ਕਰ ਸਕੀ। ਪਾਕਿਸਤਾਨ ਲਈ ਨਿਦਾ ਡਾਰ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 34 ਗੇਂਦਾਂ ਵਿੱਚ 28 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ 20 ਦੌੜਾਂ ਦੇ ਅੰਕੜੇ ਨੂੰ ਛੂਹ ਨਹੀਂ ਸਕਿਆ। ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ ਨੇ 8 ਗੇਂਦਾਂ 'ਚ 13 ਦੌੜਾਂ ਬਣਾਈਆਂ। ਹਾਲਾਂਕਿ ਟੀਮ ਲਈ ਵੱਡਾ ਸਕੋਰ ਬਣਾਉਣ ਲਈ ਇਹ ਕਾਫੀ ਨਹੀਂ ਸੀ।
ਸ਼ੇਫਾਲੀ ਵਰਮਾ (32), ਹਰਮਨਪ੍ਰੀਤ ਕੌਰ (29) ਅਤੇ ਜੇਮਿਮਾਹ ਰੌਡਰਿਗਜ਼ (23) ਨੇ ਭਾਰਤ ਨੂੰ 106 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਹਾਲਾਂਕਿ ਰਿਚਾ ਘੋਸ਼ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਈ ਅਤੇ ਮੰਧਾਨਾ ਸਿਰਫ਼ 7 ਦੌੜਾਂ ਹੀ ਬਣਾ ਸਕੀ।
ਭਾਰਤ ਦੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਅਰੁੰਧਤੀ ਰੈੱਡੀ ਨੇ 4 ਓਵਰਾਂ 'ਚ 19 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਸਟਾਰ ਗੇਂਦਬਾਜ਼ ਸ਼੍ਰੇਅੰਕਾ ਪਾਟਿਲ 4 ਓਵਰਾਂ 'ਚ 12 ਦੌੜਾਂ ਦੇ ਕੇ ਸਿਰਫ 2 ਵਿਕਟਾਂ ਹੀ ਲੈ ਸਕੀ। ਰੇਣੂਕਾ ਸਿੰਘ, ਦੀਪਤੀ ਸ਼ਰਮਾ ਅਤੇ ਆਸ਼ਾ ਸ਼ੋਭਨਾ ਨੇ ਆਪਣੇ ਪੂਰੇ ਸਪੈੱਲ ਵਿੱਚ ਇੱਕ-ਇੱਕ ਵਿਕਟ ਹਾਸਲ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਦੀ ਇਹ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੂੰ ਕੀਵੀ ਖਿਡਾਰੀਆਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਦਾ ਇਹ ਵਿਸ਼ਵ ਕੱਪ ਹਾਰ ਨਾਲ ਸ਼ੁਰੂ ਹੋਇਆ। ਹਾਲਾਂਕਿ ਇਸ ਜਿੱਤ ਨਾਲ ਟੀਮ ਇੰਡੀਆ ਦਾ ਮਨੋਬਲ ਜ਼ਰੂਰ ਵਧਿਆ ਹੋਵੇਗਾ ਜੋ ਆਉਣ ਵਾਲੇ ਮੈਚਾਂ 'ਚ ਅਹਿਮ ਭੂਮਿਕਾ ਨਿਭਾਏਗਾ।