ਨਵੀਂ ਦਿੱਲੀ:ਭਾਰਤ ਦੇ ਘਰੇਲੂ ਕ੍ਰਿਕਟ ਟੂਰਨਾਮੈਂਟ ਅੰਡਰ-19 ਕੂਚ ਬਿਹਾਰ ਟਰਾਫੀ 'ਚ ਬਿਹਾਰ ਦੇ ਨੌਜਵਾਨ ਤੇਜ਼ ਗੇਂਦਬਾਜ਼ ਸੁਮਨ ਕੁਮਾਰ ਨੇ ਇਤਿਹਾਸਕ ਗੇਂਦਬਾਜ਼ੀ ਕਰਦੇ ਹੋਏ ਰਾਜਸਥਾਨ ਖਿਲਾਫ ਪਾਰੀ 'ਚ ਸਾਰੀਆਂ 10 ਵਿਕਟਾਂ ਲੈ ਕੇ ਹਲਚਲ ਮਚਾ ਦਿੱਤੀ ਹੈ। ਬਿਹਾਰ ਅਤੇ ਰਾਜਸਥਾਨ ਦੀਆਂ ਟੀਮਾਂ ਵਿਚਾਲੇ ਮੈਚ ਬਿਹਾਰ ਦੇ ਘਰੇਲੂ ਮੈਦਾਨ ਮੋਇਨ ਉਲ ਹੱਕ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਸੁਮਨ ਨੇ ਰਾਜਸਥਾਨ ਦੀ ਪਹਿਲੀ ਪਾਰੀ ਵਿੱਚ ਕੁੱਲ 33.5 ਓਵਰ ਸੁੱਟੇ ਅਤੇ 53 ਦੌੜਾਂ ਦੇ ਕੇ ਸਾਰੀਆਂ 10 ਵਿਕਟਾਂ ਲਈਆਂ।
ਸੁਮਨ ਕੁਮਾਰ ਨੇ ਹਾਸਿਲ ਕੀਤੀ ਹੈਟ੍ਰਿਕ
ਬਿਹਾਰ ਟੀਮ ਦੇ ਤੇਜ਼ ਗੇਂਦਬਾਜ਼ ਸੁਮਨ ਕੁਮਾਰ ਨੇ 10 ਵਿਕਟਾਂ ਲਈਆਂ, ਜਦਕਿ ਉਸ ਨੇ ਹੈਟ੍ਰਿਕ ਵੀ ਲਈ। ਸੁਮਨ ਨੇ ਰਾਜਸਥਾਨ ਟੀਮ ਦੇ ਪਾਰਥ ਯਾਦਵ, ਮਾਨਯ ਕਾਰਤਿਕੇਯ, ਤੋਸ਼ਿਤ, ਮੋਹਿਤ ਭਗਤਾਨੀ, ਅਨਸ, ਸਚਿਨ ਸ਼ਰਮਾ, ਆਕਾਸ਼ ਮੁੰਡੇਲ, ਜਤਿਨ, ਅਭਾਸ਼ ਸ਼੍ਰੀਮਾਲੀ, ਧਰੁਵ ਅਤੇ ਗੁਲਾਬ ਸਿੰਘ ਨੂੰ ਪੈਵੇਲੀਅਨ ਤੱਕ ਪਹੁੰਚਾਇਆ। ਸੁਮਨ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਬਿਹਾਰ ਦੀ ਟੀਮ ਨੇ ਰਾਜਸਥਾਨ ਦੀ ਪਹਿਲੀ ਪਾਰੀ ਸਿਰਫ਼ 182 ਦੌੜਾਂ 'ਤੇ ਹੀ ਸਮੇਟ ਦਿੱਤੀ। ਇਸ ਮੈਚ 'ਚ ਬਿਹਾਰ ਨੇ ਪਹਿਲੀ ਪਾਰੀ 'ਚ 467 ਦੌੜਾਂ ਬਣਾਈਆਂ, ਜਿਸ 'ਚ ਸੁਮਨ ਨੇ ਬੱਲੇ ਨਾਲ ਅਹਿਮ ਯੋਗਦਾਨ ਪਾਇਆ ਅਤੇ 56 ਗੇਂਦਾਂ 'ਚ 22 ਦੌੜਾਂ ਬਣਾਈਆਂ, ਇਸ ਦੌਰਾਨ ਉਸ ਨੇ ਆਪਣੇ ਬੱਲੇ ਤੋਂ ਚਾਰ ਚੌਕੇ ਵੀ ਲਾਏ।