ਨਵੀਂ ਦਿੱਲੀ:ਸਾਬਕਾ ਭਾਰਤੀ ਬੱਲੇਬਾਜ਼ ਅਤੇ ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਮੁੱਖ ਕੋਚ ਗੌਤਮ ਗੰਭੀਰ ਨੇ ਆਪਣੇ ਆਲ ਟਾਈਮ ਇੰਡੀਆ ਟੈਸਟ-11 ਦਾ ਖੁਲਾਸਾ ਕੀਤਾ ਹੈ। ਉਸ ਨੇ ਆਪਣੇ ਪਲੇਇੰਗ-11 'ਚ ਰੋਹਿਤ ਸ਼ਰਮਾ ਦੀ ਥਾਂ 'ਤੇ ਕਿਸੇ ਦੂਜੇ ਨੂੰ ਸਲਾਮੀ ਬੱਲੇਬਾਜ਼ ਵਜੋਂ ਚੁਣਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਐੱਮਐੱਸ ਧੋਨੀ ਅਤੇ ਵਿਰਾਟ ਕੋਹਲੀ ਦੀ ਜਗ੍ਹਾ ਅਨੁਭਵੀ ਲੈੱਗ ਸਪਿਨਰ ਅਨਿਲ ਕੁੰਬਲੇ ਨੂੰ ਟੀਮ ਦਾ ਕਪਤਾਨ ਬਣਾਇਆ।
ਇੰਨਾ ਹੀ ਨਹੀਂ ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ ਰੋਹਿਤ ਸ਼ਰਮਾ, ਰਵੀਚੰਦਰਨ ਅਸ਼ਵਿਨ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਇਸ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਗੰਭੀਰ ਨੇ ਆਪਣੀ ਆਲ-ਟਾਈਮ ਇੰਡੀਆ ਟੈਸਟ ਇਲੈਵਨ ਵਿੱਚ ਧੋਨੀ ਅਤੇ ਕੋਹਲੀ ਦੋਵਾਂ ਨੂੰ ਚੁਣਿਆ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਨੇ ਕੁੰਬਲੇ ਨੂੰ ਕਪਤਾਨ ਬਣਾਇਆ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ ਹੁਣ ਤੱਕ ਦਾ ਸਭ ਤੋਂ ਵਧੀਆ ਕਪਤਾਨ ਹੈ।
ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ ਸੁਨੀਲ ਗਾਵਸਕਰ ਅਤੇ ਵਰਿੰਦਰ ਸਹਿਵਾਗ ਦੀ ਜੋੜੀ ਨੂੰ ਸਲਾਮੀ ਬੱਲੇਬਾਜ਼ਾਂ ਵਜੋਂ ਚੁਣਿਆ ਅਤੇ ਤੀਜੇ ਨੰਬਰ 'ਤੇ ਬੱਲੇਬਾਜ਼ੀ ਲਈ ਰਾਹੁਲ ਦ੍ਰਾਵਿੜ ਨੂੰ ਚੁਣਿਆ। ਮਿਡਲ ਆਰਡਰ ਵਿੱਚ ਕ੍ਰਿਕੇਟ ਆਈਕਨ ਸਚਿਨ ਤੇਂਦੁਲਕਰ, ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ, ਆਲਰਾਊਂਡਰ ਦੀ ਭੂਮਿਕਾ ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਅਤੇ ਵਿਕਟਕੀਪਰ ਵਜੋਂ ਐਮਐਸ ਧੋਨੀ ਸ਼ਾਮਲ ਹਨ।